• ਪ੍ਰਕਾਸ਼ਕ : ਭਾਈ ਵੀਰ ਸਿੰਘ ਜੀ ਸਾਹਿਤ ਸਦਨ, ਨਵੀਂ ਦਿੱਲੀ।
ਸਾਰ, ਰਾਣਾ ਭਬੌਰ
ਏਕਮਨੂਰ ਸਿੰਘ
“ਰਾਣਾ ਭਬੌਰ” ਭਾਈ ਵੀਰ ਸਿੰਘ ਜੀ ਦੀ ਸਰਬੋਤਮ ਰਚਨਾ ਗੁਰੂ ਕਲਗੀਧਰ ਚਮਤਕਾਰ ਵਿੱਚੋਂ ਹੀ ਇਕ ਅੰਸ਼ ਹੈ। ਇਸ ਕਿਤਾਬ ਵਿਚ ਭਾਈ ਸਾਹਿਬ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੇ ਪ੍ਰੇਮੀਆਂ ਦੀਆਂ ਪ੍ਰੀਤ ਦੀਆਂ ਤਰੰਗਾਂ ਨੂੰ ਬਿਆਨ ਕੀਤਾ ਹੈ।
·
ਰਾਣੀ ਦਾ ਚਾਨਣ ਮੁਨਾਰੇ ਵਰਗਾ ਪਿਆਰ
·
ਰਾਜਾ(ਰਾਣਾ) ਜੀ ਦਾ ਲੁਕਵਾਂ ਪਿਆਰ
·
ਦੁੱਧ ਵਾਲੀ ਗੁਆਲਨ ਦੇ ਅੰਦਰ ਉਪਜਿਆ ਆਪਮੁਹਾਰਾ ਚਾਉ
ਭਰਿਆ ਪਿਆਰ
ਰਾਣੀ ਨਾਹਨ ਦੇ ਰਾਜ ਘਰਾਣੇ (ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ
ਨੇ ਤਾਰਿਆ ਸੀ ਤੇ ਇਹਨਾਂ ਗੁਰੂ ਸਾਹਿਬ ਜੀ ਦੀ ਬੜੀ ਸੇਵਾ ਤੇ ਭਾਉ-ਭਗਤੀ ਕੀਤੀ ਸੀ) ਪੁਤਰੀ ਸੀ।
ਉਸ ਸਮੇਂ ਰਾਣੀ ਮੁਟਿਆਰ ਕੰਨਿਆ ਸੀ, ਜਿਸ ਸਦਕਾ ਰਾਣੀ ਸ਼ੁਰੂ ਤੋਂ ਹੀ ਬਾਣੀ ਦੀ ਨੇਮਣ ਤੇ ਪ੍ਰੇਮਣ
ਹੋ ਗਈ। ਜਦ ਉਸ ਦੇ ਮਾਪੇ ਉਸ ਨੂੰ ਵਿਆਹੁਣ ਲਈ ਵਰ-ਘਰ ਢੂੰਡਣ ਲੱਗੇ ਤਾਂ ਉਸ ਨੇ ਆਪਣੀ ਮਾਂ ਨੂੰ
ਕਿਹਾ,“ ਮਾਤਾ ਜੀ, ਮੇਰੇ ਲਈ ਕੋਈ ਅਜਿਹਾ ਘਰ ਨਾ ਲੱਭਣਾ ਜਿਸ ਵਿਚ ਗੁਰੂ ਸਾਹਿਬ ਜੀ ਦਾ ਕੋਈ
ਵਿਰੋਧੀ ਹੋਵੇ। ਬੜੀ ਖੋਜ ਮਗਰੋਂ ਉਨ੍ਹਾਂ ਨੂੰ ਭਬੌਰ ਦਾ ਰਾਜ ਭਾਗ ਲੱਭਾ। ਹੁਣ ਉਨ੍ਹਾਂ ਨੂੰ ਇਹ
ਪਤਾ ਨਾ ਲੱਗ ਸਕਿਆ ਉਸ ਵਰ ਦਾ ਸੁਭਾ ਗੁਰੂ ਸਾਹਿਬ ਪ੍ਰਤੀ ਪਿਆਰ ਵਾਲਾ ਹੈ ਜਾਂ ਫਿਰ ਵੈਰ ਵਾਲਾ?
ਪਰ ਉਨ੍ਹਾਂ ਸਾਕ ਕਰ ਦਿੱਤਾ।
ਜਦ ਰਾਣੀ ਨਾਹਨ
ਤੋਂ ਭਬੌਰ ਆਈ ਤਾਂ ਉਸ ਇਹ ਘਰ ਗੁਰੂ ਜੀ ਦੇ ਵੈਰ ਤੋਂ ਖਾਲੀ ਪਾਇਆ। ਹੁਣ ਉਸ ਸੋਚਿਆ ਕਿਵੇਂ ਉਹ
ਪਤੀ ਨੂੰ ਗੁਰਬਾਣੀ ਵੱਲ ਪ੍ਰੇਰਿਤ ਕਰੇ। ਪਰ ਅਸਲ ਵਿੱਚ ਰਾਣਾ ਪਹਿਲਾਂ ਤੋਂ ਗੁਰੂ ਸਾਹਿਬ ਵੱਲ
ਮੋਹਿਤ ਸੀ; ਉਸ ਅਲਮਾਰੀ ਦੇ ਅੰਦਰਵਾਰ ਇਕ ਸੁਰੰਗ ਬਣਾਈ ਹੋਈ ਸੀ ਜਿਸ ਦੀਆਂ ਪੋੜੀਆਂ ਉਤਰ ਕੇ ਇਕ
ਕਮਰਾ ਸੀ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਰਾਣਾ ਹਰ ਰੋਜ਼ ਤੜਕੇ ੨ ਕੁ ਵਜੇ
ਮਲਕੜੇ ਜਿਹੇ ਉਠਕੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਜਾਇਆ ਕਰਦਾ ਸੀ ਤੇ ਉਹ ਚਾਹੁੰਦਾ ਸੀ
ਕਿ ਉਸ ਇਹ ਸੱਚ ਕਿਸੇ ਦੇ ਸਾਹਮਣੇ ਨਾ ਆਵੇ (ਉਹ ਆਪਣੀ ਗੁਰੂ ਜੀ ਪ੍ਰਤੀ ਨਿੱਕੀ ਜਿਹੀ ਪਿਆਰ ਭਰੀ ਚਿਂਣਗ ਨੂੰ ਜ਼ਾਹਰ ਨਾ ਕਰਨਾ ਚਾਹੁੰਦਾ
ਸੀ)। ਪਰ ਇਕ ਦਿਨ ਰਾਣੀ ਨੂੰ ਹੈਰਾਨੀ ਪੈ ਗਈ ਤੇ ਉਸ ਦਿਨ ਦੈਵ ਵਲੋਂ ਹੀ ਰਾਣਾ ਅਲਮਾਰੀ ਦੀ ਕੂੰਜੀਆਂ
ਭੁੱਲ ਗਏ ਤੇ ਇਹ ਲੈ ਉਹ ਤਤਕਾਲ ਹੀ ਉਥੇ ਪਹੁੰਚੀ ਤੇ ਜਦ ਉਸ ਦਾ ਦੇਖਿਆ ਤਾਂ ਉਸ ਦੀਆਂ ਅੱਖਾਂ ਡਾਢੇ
ਪਿਆਰ ਤੇ ਗੁੱਸੇ ਵਿਚ ਬੋਲੀਆਂ,“ ਹਾਇ ਬਿੱਧਨਾਂ! ਤੇਰੇ ਛਲ। ਮੈਨੂੰ ਇੰਨਾ ਗੁਰੂ ਪ੍ਰੇਮੀ ਪਤੀ ਦੇ ਕੇ ਫਿਰ ਕਿਉਂ ਤੜਫਣੀਆਂ ਵਿਚ ਰੱਖਿਆ? ਰਾਣੀ ਦੇਖ ਕੇ ਅਸ਼-ਅਸ਼ ਕਰ ਉਠੀ। ਹੁਣ ਉਸ ਨੇ ਅਦਬ ਨਾਲ ਪ੍ਰਕਾਸ਼ ਕੀਤਾ ਤੇ ਸ਼ੁਕਰ ਨਾਲ ਗਦ
ਗਦ ਹੋ ਕੇ ਪਾਠ ਕੀਤਾ ਤੇ ਕਿਹਾ
ਗੁਰ ਸਿਖਾ ਕੀ ਹਰ ਧੂੜ ਦੇਹਿ ਹਮ ਪਾਪੀ ਭੀ ਗਤਿ ਪਾਂਹਿ॥
ਇਸ ਤਰ੍ਹਾਂ
ਮਨੋਵਾਦ ਕਰਦੇ ਰਾਜਾ ਜੀ ਫਿਰ ਉੱਪਰ ਗਏ, ਜਾ ਕੇ ਛੇਤੀ ਨਾਲ ਇਸ਼ਨਾਨ ਕੀਤਾ ਤੇ ਕਪੜੇ ਪਾਏ। ਫਿਰ ਆ
ਗਏ, ਪਾਠ ਕੀਤਾ, ਅਸਵਾਰਾ ਕੀਤਾ। ਫਿਰ ਮੱਥਾ ਟੇਕ ਕੇ ਬੜੀ ਪ੍ਰੇਮ ਤੇ ਨਿਮਰਤਾ ਵਾਲੀ ਅਰਦਾਸ ਕੀਤੀ ‘ਹੋ ਦਾਤਾ । ਮੇਰਾ ਪਿਆਰ ਨਿਭੇ, ਜੋ ਆਪੇ ਲਾਇਆ ਜੋ ਆਪੇ ਤੋੜ ਚੜ੍ਹਾਓ,
ਇਹ ਹੀਰਾ-ਕਣੀ ਮੇਰੇ ਦਿਲ ਦੀ ਤੇ ਤੋਂ ਬਾਹਰ ਨ ਜਾਵੇ, ਅੱਜ ਮੇਰਾ ਭੇਤ ਖੁੱਲ੍ਹਾ ਹੈ, ਪ੍ਰਿਯਾਵਰ
ਦੇ ਮੂੰਹ ਨੂੰ ਜੰਦਰਾ ਦੇਹ, ਉਸ ਤੋਂ ਅੱਗੇ ਭੇਤ ਨਾ ਟੁਰੇ। ਹਾਂ ਮੈਨੂੰ ਜੋ ਮੇਹਰ ਹੋਵੇ ਤਾਂ
ਦੀਦਾਰ ਬਖਸ਼, ਪਰ ਹਯਾ ਵਾਲੇ ਪਰਦੇ ਵਿਚ, ਮੇਰਾ ਪਿਆਰ ਇਕ ਨਾਂ ਦਿੱਸਣ ਵਾਲੀ ਪੀੜ ਹੋਵੇ, ਤੇਰਾ
ਦੀਦਾਰ ਇਕ ਗੁਣਕਾਰ ਦਵਾ ਹੋਵੇ। ਮੇਰੀ
ਛਿਪੇ ਰਹਿਣ ਦੀ ਚਾਹ ਤੇ ਛਿਪੇ ਟੁਰ ਜਾਣ ਦੀ ਕਾਮਨਾਂ ਪੂਰਨ ਹੋਵੇ।
ਰਹੱਸਮਈ ਤੇ ਪ੍ਰੇਮ ਭਿੱਜਿਆ ਸੰਵਾਦ
ਇਹ ਸੰਵਾਦ ਰਾਜਾ(ਰਾਣਾ) ਤੇ ਰਾਣੀ ਵਿਚਕਾਰ ਹੁੰਦਾ ਹੈ ਜਦੋਂ ਦੋਹਾਂ ਦਾ
ਸੱਚ ਇਕ ਦੂਜੇ ਦੇ ਸਾਹਮਣੇ ਆ ਜਾਂਦਾ ਹੈ। ਰਾਣੀ ਕਹਿੰਦੀ ਹੈ ਕਿ ਸਾਨੂੰ ਆਪਣੀ ਪ੍ਰੇਮ ਦੀ ਕਣੀ ਨੂੰ ਪ੍ਰਗਟ ਕਰਨਾ ਚਾਹੀਦਾ
ਹੈ ਤੇ ਰਾਜਾ ਕਹਿੰਦਾ ਹੈ ਕਿ ਨਹੀਂ ਇਹ ਛੁਪੀ ਰਹੇ ਤਾਂ ਚੰਗਾ ਹੈ। ਫਿਰ ਇਸ ਬਾਅਦ ਦੋਨੋਂ ਇਕ ਦੂਜੇ ਨਾਲ ਸਹਿਮਤ ਵੀ ਹੋ ਜਾਂਦੇ ਹਨ ਕਿ ਦੋਵੇਂ ਢੰਗ ਠੀਕ ਹਨ।
ਰਾਣੀ : ਚੰਗੀਆਂ ਚੀਜ਼ਾਂ ਚਾਨਣੇ ਵਿਚ ਵਸਦੀਆਂ ਹਨ,
ਸੂਰਜ ਤੇ ਚੰਦ ਨੂੰ ਬੁਰਕੇ ਤੇ ਘੁੰਡ ਦੀ ਕਦੇ ਲੋੜ ਨਹੀਂ ਪਈ।
ਰਾਜਾ : ਬੀਜ ਜੇ ਲੁਕਣ ਨਾਂ ਤਾਂ ਫੁੱਟਦੇ ਨਹੀਂ,
ਵਧਦੇ ਨਹੀਂ, ਮੌਲਦੇ ਨਹੀਂ, ਬ੍ਰਿਛ ਨਹੀਂ ਬਣਦੇ। ਜੜ੍ਹਾਂ ਜੇ ਪਰਦਿਆਂ ਵਿਚ ਨਾਂ ਰਹਿਣ ਤਾਂ ਬ੍ਰਿਛ
ਬੂਟੇ ਮੁਰਝਾ ਜਾਂਦੇ ਹਨ।
ਰਾਣੀ : ਪਰ ਪੱਕ ਗਏ ਫਲ ਤਾਂ ਹਨੇਰੇ ਨਹੀਂ ਬਹਿੰਦੇ।
ਰਾਜਾ : ਪਰ ਉੱਗਣ ਵਾਲਾ ਅੰਗੂਰ ਤਾਂ ਪੱਕੇ ਫਲ ਦੇ ਅੰਦਰ
ਬੀ ਪਰਦੇ ਦਰ ਪਰਦੇ ਛਿਪਕੇ ਬਹਿੰਦਾ ਹੈ।
ਰਾਣੀ : ਸੱਚ ਤੇ ਚੰਗਿਆਈ ਨੂੰ ਕਿਉਂ ਲੁਕਾ?
ਰਾਣੀ : ਕਦੇ ਅੰਗ ਰੂੰ ਦੇ ਡੱਬਿਆਂ ਵਿਚ ਛਿਪੀ ਹੈ, ਕਿ ਕਦੇ ਪ੍ਰੇਮ ਸੀਨਿਆਂ ਵਿਚ ਲੁਕਿਆ ਹੈ ?
ਰਾਣੀ : ਇਹ ਤਾਂ ਠੀਕ ਹੈ, ਪਰ ਪਰਵਾਨੇ ਦੀਵੇ ਤੇ ਆਏ
ਕਿਹੜਾ ਘੁੰਡ ਬਣਵਾ ਕੇ ਤੇ ਕਿਸ ਬੁੱਕਲ ਵਿਚ ਲੁਕ
ਕੇ ?
ਰਾਜਾ : ਪਰ ਕਦ ਪਰਵਾਨ ਆਉਂਦੇ, ਸਦਕੇ ਹੁੰਦੇ, ਤੜਫਦੇ
ਮਰਦੇ ਅਵਾਜ਼ ਬੀ ਕੱਢਦੇ ਹਨ। ਪਿਆਰ ਤੇ ਪਰਦਾ ਪਿਆਰ ਤੇ ਚੁੱਪ।
ਰਾਜਾ : ਨਾਂ। ਹਿਆ ਦਾਰ
ਹੈ, ਸ਼ਰਮ ਵਾਲਾ ਹੈ।
ਰਾਣੀ : ਬੋਲੇ ਤਾਂ
ਮਾਰੀਏ, ਦਿਸੀਵੇ ਤਾਂ ਪੀੜ੍ਹੀਏ ?
ਰਾਜਾ : ਨਾਂ ਬੋਲਣ ਤੇ ਦਿੱਸਣ ਤੋਂ ਬੇਲੋੜ ਹੈ।
ਰਾਣੀ : ਆਵੇ ਦੀ ਅੱਗ,
ਵਿਚੋਂ ਵਿਚ ਧੁਖ?
ਰਾਜਾ : ਨਾਂ; ਜਿਉਂਦੇ
ਸਰੀਰ ਦੀ ਨਿੱਘ; ਨਾ ਲਾਟ ਨਾ ਚੰਗਿਆੜ, ਨਾ ਧੂੰ ਨਾ ਲੰਬ, ਫੇਰ ਬਲੇ, ਫੇਰ ਮਘੇ; ਫਿਰ ਨਿੱਘਿਆਂ
ਰੱਖੇ। ਜਾਨ ਦੀ ਸਲਾਮਤੀ ਦੀ ਜ਼ਾਮਨ ਹੋਵੇ। ਕਦੇ ਆਪਣੇ ਸਰੀਰ ਦੀ ਅੱਗ ਬਲਦੀ ਤੱਕੀ ਨੇ ? ਪਰ ਹੈ, ਤੇ ਬਲਦੀ ਹੈ, ਤੂੰ ਜਾਨ ਦੀ ਰਖਵਾਲੀ
ਹੈ।
ਰਾਣੀ : ਗੁਝੜਾ ਲਧਮੁ
ਲਾਲੁ ਮਥੈ ਹੀ ਪਰਗਟੁ ਥਿਆ ਗੁਰ ਵਾਕ ਹੈ।
ਰਾਜਾ : ਗੋਂਦ ਨਾਲ ਮੱਥੇ
ਉਤੇ ਬਿੰਦੀ ਬਣਾਕੇ ਤਾਂ ਨਹੀਂ ਲਾ ਲਿਆ। ਗੁੱਝਾ ਲਾਲ ਲੰਧਾ, ਉਹ ਮੁੱਠ ਵਿਚ ਸੰਭਾਲ ਸਾਂਭਕੇ
ਰੱਖਿਆ। ਪਰ ਉਸ ਦੇ ਪਾਸ ਹੋਣ ਦੀ ਤਾਸੀਰ ਇਹ ਹੈ ਕਿ ਮੱਥੇ ਤੇ ਹੋਣ ਦੇ ਚਿੰਨ੍ਹ ਲੈ ਆਈ, ਤਾਂ ਪਰਗਟ
ਹੋ ਗਿਆ। ਹਾਂ ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ।‘ ਨਹੀ ਛੁਪਾਇਆ
ਛਿਪਦਾ ਤਾਂ ਇਹ ਉਸ ਦਾ ਆਪਣਾ ਧਰਮ ਹੈ, ਉਸ ਦਾ ਕੋਈ ਖਾਸਾ ਤੇ ਖਾਸੀਅਤ ਹੈ, ਪਰ ਜਿਸ ਨੂੰ ਲੰਧਾ ਉਸ
ਦਾ ਕੀ ਧਰਮ ਹੈ?
‘ਅਨਿਕ ਜਤਨ ਕਰ ਹਿਰਦੈ ਰੱਖਣਾ ਤੇ ਛਿਪਾਣਾ’।
ਰਾਣੀ : ਗੁਰਵਾਕ ਹਨ; ਪਰ
ਸੂਰਜ ਕਿਸੇ ਤੋਂ ਲੁਕੇ, ਰੱਬ ਕਿਸ ਤੋਂ ਛਪੇ, ਪ੍ਰੇਮ ਕਿਸ ਤੋਂ ਘੁੰਡ ਵਿਚ ਪਵੇ?
ਰਾਜਾ : ਕਾਇ ਹੈ ਬਕਬਾਦ
ਲਾਇਓ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ।।
ਰਾਣੀ : ਸਾਡਾ ਕੀ ਹਾਲ?
ਦਰਸ਼ਨ ਹੋਏ, ਮਿੱਠੇ ਲੱਗੇ, ਰੱਬੀ ਝਰਨਾਟ ਛਿੜੀ। ਮਾਪੇ ਵਿਆਹ ਸੋਚਣ ਲੱਗੇ, ਸਾਥੋਂ ਝਰਨਾਟ ਨਾਂ
ਛੁਪੀ। ਕੁਲ ਲਾਜ, ਲੋਕ ਲਾਜ ਛੱਡ ਮਾਂ ਨੂੰ ਕਹਿ ਦਿੱਤਾ ‘ਗੁਰੂ ਮਿੱਠੇ ਲੱਗਦੇ ਹਨ, ਗੁਰੂ-ਨਿੰਦਕ
ਦਾ ਘਰ ਨਾਂ ਦੇਈ’। ਜੇ ਮੈਂ ਗੁਰੂ ਪ੍ਰੀਤ ਛਿਪਾਂਦੀ, ਮੈਂ ਕਿਸੇ ਬੇਮੁਖ ਦੇ ਘਰ ਹੁੰਦੀ।
ਮੈਨੂੰ ਘਬਰਾ ਪੈਂਦਾ ਹੈ। ਅਸੂਲ ਜੋ ਛਿਪਾ ਹੈ ਤਾਂ ਮੈਂ ਅਪਰਾਧਣ ਹਾਂ।
ਰਾਜਾ: ਨਾ ‘ਛਿਪਾ’ ਹੈ ਨਾ ‘ਪ੍ਰਗਟ ਕਰਨਾ’। ਅਸਲ ਹੈ ਪ੍ਰੇਮ ਤੇ ਇਸ ਦੀ ਲਗਨ। ਇਸ ਦਾ ਅਪਣਾ
ਸੁਆਦ ਹੈ ਉਸ ਨੂੰ ਮਾਣਨਾਂ ਤੇ ਉਸ ਤੋਂ ਅੱਗੇ ਹੋਰ ਨਾਂ ਲੱਭਣਾ। ਜੋ ਪ੍ਰਗਟ ਕਰਦੇ ਹਨ, ਓਹ ਪ੍ਰਗਟ
ਹੋਣ ਦੀ ਕਦਰ ਦੇ ਭਿਖਾਰੀ ਤੇ ਲੋਕਾਂ ਦੀ ਮਹਿਮਾਂ ਦੇ ਰਸੀਏ ਹਨ, ਜੋ ਲੁਕਾਉਂਦੇ ਹਨ, ਉਹ ਇਸ ਲਈ ਕਿ
ਸਾਡਾ ਇਹ ਲੁਕੋ ਪ੍ਰਗਟ ਹੋਵੇ ਤਾਂ ਕਦਰ ਵਧੇਰੇ ਪਵੇ। ਸੋ ਦੋਵੇਂ ਗੱਲਾਂ ਹਨ ਇੱਕੋ ਜੇਹੀਆਂ। ਪਿਆਰ
ਹੋਵੇ, ਇਸ ਦੀ ਕਦਰ ਹੋਵੇ, ਇਸ ਦੀ ਕੀਮਤ ਦਾ ਪਤਾ ਹੋਵੇ; ਇਸ ਨੂੰ ਛਿਪਾ ਕੇ ਰੱਖੇ, ਸੁਖੀ ਰਹੇਗਾ।
ਇਹ ਮੱਲੋਮੱਲੀ ਅਚਾਹੇ ਪ੍ਰਗਟ ਹੋਵੇ, ਬੇਬਸੀ ਹੈ। ਜਿਨ੍ਹਾਂ ਤੇ ਲੋਕਾਂ ਦੀ ਵਾਹ ਵਾਹ ਅਸਰ ਨਹੀਂ
ਕਰਦੀ ਨੱਚਕੇ ਪਿਆਰ ਕਰਨ, ਜਿਨ੍ਹਾਂ ਨੂੰ ਨਿੰਦਾ ਘਰ ਨਹੀਂ ਪਾਉਂਦੀ, ਜਿਵੇਂ ਚਾਹੁਣ ਕਰਨ। ਪਰ ਮੇਰੇ
ਵਰਗੇ ਦਾ ਅਸੂਲ ਛਿਪਾ ਹੈ। ਮੈਨੂੰ ਅਪਣੇ ਲਈ ਇਹ ਭਾਸਦਾ ਹੈ ਕਿ ਮੇਰਾ ਪਰਦਾ ਨਾਂ ਫਟੇ, ਮੇਰੀ ਚਿਣਗ ਮੇਰੇ ਅੰਦਰ ਰਹੇ, ਮੇਰੀ
ਪੁਕਾਰ ਮੇਰੇ ਪ੍ਰੀਤਮ ਤੱਕ ਮੇਰੀ ਜ਼ਬਾਨ ਨਾ ਅੱਪੜੇ, ਇਹ ਮੇਰਾ ਅਸੂਲ ਹੈ, ਮੇਰ ਭਲਿਆਈ ਇਸੇ ਵਿਚ
ਹੈ।
ਰਾਣੀ : ਸੰਸਾਰਿਕ ਕਿ ਪਰਮਾਰਥਿਕ?
ਰਾਜਾ : ਮਨ ਦੇ ਸੁਖ ਦੀ,
ਕੇਵਲ ਅੰਦਰਲ ਦੇ ਸੁਖ ਦੀ।
ਮੈਂ ਇਸ ਕਰਕੇ ਲੁਕੋ ਨਹੀਂ ਕਰਦਾ ਕਿ ਪਹਾੜੀ ਰਾਜੇ ਪ੍ਰੀਤਮ ਜੀ ਦੇ
ਦੁਸ਼ਮਨ ਹਨ ਤੇ ਉਹ ਮੇਰੇ ਰਿੰਜ ਹੋ ਜਾਣਗੇ, ਜਾਂ ਮੈਂ ਜੇ ਖੁੱਲ੍ਹਮ ਖੁੱਲ੍ਹਾ ਪ੍ਰੀਤਮ ਜੀ ਦਾ ਹੋ
ਰਿਹਾ ਤਾਂ ਤਰਕ ਪਾਤਸ਼ਾਹ ਰਾਜ ਖੋਹ ਲਏਗਾ, ਇਹ ਖਿਆਲ ਮੈਨੂੰ ਨਹੀਂ ਸੋਂਹਦੇ। ਜੇ ਮੈਂ ਪ੍ਰਗਟ ਕਰਾਂ
ਤਾਂ ਸਿੱਖ ਮੇਰੇ ਸਹਾਈ ਹੋ ਜਾਣਗੇ ਇਹ ਲਾਭ ਹੈ, ਪਰ ਮੈਨੂੰ ਨਹੀਂ ਮੋਹਦਾ। ਮੇਰੇ ਪਿਆਰ ਦੀ ਕਣੀ
ਨਿੱਕੀ ਹੈ, ਸ਼ੂਮ ਦੇ ਧਨ ਵਾਂਙੂ ਮੈਨੂੰ ਪਿਆਰੀ ਹੈ, ਮਤਾਂ ਇਸ ਨੂੰ ਕੋਈ ਨਜ਼ਰ ਲੱਗੇ,ਮਤਾਂ ਮੈਥੋਂ
ਇਹ ਖਿਸਕੇ, ਮਤਾਂ ਕੋਈ ਖੋਹ, ਮੈਂ ਛਿਪਾਂਦਾ ਹਾਂ ਕਿ ਸਲਾਮਤ ਰਹੇ। ਬੁਲਬੁਲ ਪਿਆਰ ਦੇ ਭਾਉ ਨੂੰ
ਗਾਉ ਗਾਉ ਕੇ ਜਗਤ ਮੋਹਦੀ ਹੈ, ਪਰ ਪਰਵਾਨਾ ਚੁਪ ਚਾਪ ਸ਼ਹੀਦ ਹੁੰਦਾ ਹੈ, ਚਕੋਰ ਪਿਆਰ ਨੂੰ ਕੁਹਕਦਾ
ਤੇ ਪੈਲਾਂ ਪਾਂਦਾ ਹੈ, ਪਰ ਕਮਲ ਚੁਪ ਦਿਦਾਰੇ ਵਿਚ ਅੱਖ ਨਹੀਂ ਝਮਕਦਾ। ਪਪੀਹਾ ਪ੍ਰਿਉ ਪ੍ਰਿਉ' ਦੀ
ਪੁਕਾਰ ਨਾਲ ਬਨ ਨੂੰ ਰਾਗ ਘਰ ਬਣਾ ਦੇਂਦਾ ਹੈ, ਪਰ ਸੁਰਖ਼ਾਬ ਦਾ ਜੋੜਾ ਚੁਪਚਾਪ ਆਪੋ ਵਿਚ ਅਵਿਛੜ
ਤੇ ਨਾਨਿੱਖੜ ਹਾਲ ਰਹਿੰਦੇ ਹਨ, ਇਕ ਨੂੰ ਤੀਰ ਲੱਗੇ ਤਾਂ ਦੂਆ ਨਾਲ ਹੀ ਪ੍ਰਾਣ ਅਰਪਦਾ ਹੈ। ਪ੍ਰੇਮ ਦੇ ਅਨੇਕ ਰੰਗ ਹਨ, ਬਨਾਵਟ ਨਹੀਂ ਤੇ
ਪ੍ਰੇਮ ਹੈ; ਉਹ ਚਾਹੇ ਕਿਸੇ ਹਾਲ ਰਹੇ, ਮੇਰਾ ਅਸੂਲ ਤੇ ਮੈਨੂੰ ਸਉਜਣ ਵਾਲੀ ਗੱਲ ‘ਛਿਪਾ’ ਹੈ।
ਰਾਣੀ - ਮੈਥੋਂ ਇਸ ਸਿੱਕ ਵਿਚ ਕਿ 'ਤੁਸੀ ਕਿਵੇਂ ਦਾਤਾ ਜੀ ਦੇ ਪਿਆਰ
ਵਿਚ ਆਓ ਭੁੱਲ ਹੋਈ, ਕਿ ਆਪ ਜੋ ਰੱਤੇ ਹੋਏ ਸਾਓ ਤੇ ਨਹੀਂ ਚਾਹੁੰਦੇ ਸਾਓ ਕਿ ਕੋਈ ਹੋਰ ਅੱਖ ਆਪ ਦੇ
ਪਿਆਰ ਦੀ ਜਾਣੂੰ ਹੋਵੇ ਮੈਂ ਦਖ਼ਲ ਦਿੱਤਾ ਤੇ ਨਾ ਜਾਣਨ ਵਾਲੀ ਗੱਲ ਨੂੰ ਜ਼ੋਰ ਦੇਕੇ ਚੋਰੀ ਟੁਰਕੇ
ਜਾਣਿਆਂ, ਮੈਂ ਖਿਮਾਂ ਦੀ ਯਾਚਕ ਹਾਂ, ਪਰ ਮੇਰੀ ਕੋਈ ਯਾਚਨਾਂ, ਕੋਈ ਪਛੁਤਾਵਾ, ਕੋਈ ਮਾਫੀ ਦੀ ਮੰਗ
ਹੁਣ ਉਹ ਹਾਲਤ ਪੈਦਾ ਨਹੀਂ ਕਰ ਸਕਦੀ ਕਿ ਜੋ ਪਹਿਲਾਂ ਸੀ। ‘ਆਪ’ ਸਾਓ ਤੇ ਆਪ ਦੇ ਪਿਆਰੇ' ਤੇ
'ਤੀਏ' ਨੂੰ ਸੌ ਤੱਕ ਨਹੀਂ ਸੀ।
ਰਾਜਾ : ਫਿਕਰ ਨਾ ਕਰੋ
ਮੈਂ ਰਿੰਜ ਨਹੀਂ, ਮੈਨੂੰ ਨਿਸਚਾ ਹੈ ਕਿ ਇਸ ਤੋਂ ਅੱਗੇ ਭੇਤ ਨਹੀਂ ਜਾਏਗਾ ਤੇ ਪਤਾ ਮਰਮੀ ਤੇ
ਮਹਿਰਮ ਨੂੰ ਲੱਗਾ ਹੈ, ਕਿਸੇ 'ਨਾ-ਅਹਿਲ' ਨੂੰ ਪਤਾ ਨਹੀਂ ਲੱਗਾ। ਇਹ ਵੀ ਕੋਈ ਰੱਬੀ ਰਜ਼ਾ ਹੈ। ਕੀ
ਪਤਾ ਹੈ ਕਿ ਕਿਸੇ ਸੁਖ ਦਾ ਹੀ ਇਹ ਆਗਮ ਹੋਵੇ। ਮੇਰੇ ਅੰਦਰ ਬੀ ਅਬੂਝ ਅੱਗ ਚਰਨ ਪਰਸਨ ਦੀ ਹੈ, ਤੇ
ਉਸ ਨੂੰ ਬੀ ਦਿਲਾਂ ਦੇ ਮਹਿਰਮ ਨੇ ਪੂਰਨਾਂ ਹੈ, ਇਹ ਕੋਈ ਉਸ ਸੁਭਾਗ ਘੜੀ ਦਾ ਪਹਿਲਾ ਲਿਸ਼ਕਾਰਾ
ਹੈ, ਮੈਂ ਬੀ ਤੜਫਨਹਾਰ ਹਾਂ ਦੀਦਾਰ ਦਾ, ਕੀ ਪਤਾ ਹੈ ਕਿ ਇਹ ਕੋਈ ਪੂਰਨਤਾ ਦਾ ਪਹਿਲਾ ਬੁੱਲਾ ਆਇਆ
ਹੈ। ਆਹ । ਮਾਲਕਾ, ਆਹ ਸਾਹਿਬਾ, ਇਹ ਕਹਿੰਦਿਆਂ ਰਾਜ ਨੂੰ ਬੁਲ ਘੱਟ, ਨੈਣ ਮੀਟ, ਚਿਹਰਾ ਤੇ ਸਰੀਰ
ਕੰਬਿਆ, ਨੈਣਾਂ ਤੋਂ ਤਪ ਤਪ ਹੋਈ ਤੇ ਮਗਨਤਾ ਛਾ ਗਈ, ਰਾਣੀ ਇਤਨੀ ਤਿੱਖੀ ਪਰ ਘੁੱਟਵੀਂ ਖਿੱਚ ਤੋਂ
ਅਜਾਣ ਸੀ, ਪਰ ਹੁਣ ਨੈਣ ਭਰ ਆਈ।
ਇਹ ਸਾਰੀ ਵਾਰਤਾ ਤੋਂ ਬਾਅਦ ਰਾਣੀ ਨੂੰ ਪਤਾ ਲੱਗਾ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬਸਾਲੀ ਨੇੜੇ ਭਬੌਰ ਆਏ ਹਨ। ਜਦ ਰਾਣੀ ਨੇ ਰਾਜੇ ਨੂੰ ਤਾਂ ਉਸ ਨੇ ਕਿਹਾ ਮੇਰੇ ਕੋਲ ਸਰਕਾਰੀ ਸੋ ਹੁਣ ਆਈ ਹੈ ਤੁਹਾਨੂੰ ਕਿੰਨੇ ਦਸਿਆ। ਫਿਰ ਰਾਣੀ ਨੇ ਰਾਜੇ ਨੂੰ ਗੁਵਾਲਨ ਦੇ ਅੰਦਰ ਉਪਜਿਆ ਆਪਮੁਹਾਰਾ ਪਿਆਰ ਦੀ ਵਾਰਤਾ ਚਾਉ ਨਾਲ ਸੁਣਾਈ :
ਕੋਈ ਗੁਆਲਨ ਆਈ ਹੈ; ਜੋ ਪੋਠੋਹਾਰ ਤੋਂ ਉਜੜਕੇ ਆਇਆਂ ਵਿਚੋਂ ਹੈ। ਉਹ
ਆਪਣੇ ਪਿੰਡੋਂ ਨਗਰ ਨੂੰ ਆ ਰਹੀ ਸੀ, ਦੁਧ ਦੀ ਮਟਕੀ ਸਿਰ ਤੇ ਸਾਸੁ। ਬਨ ਵਿਚ ਸਤਿਗੁਰਾਂ ਨੂੰ ਤੱਕ
ਕੇ ਖੜੀ ਹੋ ਗਈ ਤੇ ਬੋਲੀ : ‘ਘੱਟ ਦੁਧ ਦਾ ਪੀ ਲਓ।‘ ਸਤਿਗੁਰਾਂ
ਆਖਿਆ : ‘ਕਿਉ ? ਤਾਂ ਕਹਿਣ ਲੱਗੀ: ‘ ਮੈਨੂੰ ਪਤਾ
ਨਹੀਂ, ਤੁਸਾਂ ਨੂੰ ਤੱਕਕੇ ਚਾਉ ਚੜ੍ਹ ਆਇਆ ਹੈ। ਆਪ ਬੋਲੇ : ‘ਕਿਉਂ ? ਬੋਲੀ : ‘ਮੈਨੂੰ ਪਤਾ ਨਹੀ, ਕਲੇਜਾ ਧੜਕਨਾ
ਹੈ; ਅੱਖਾਂ ਫੁਰਕਣੀਆਂ ਹਨ, ਸਿਰ ਮਘਦਾ ਹੈ ਤੇ ਇਹੋ ਉਮੰਗ ਹੁੰਦੀ ਹੈ ਕਿ ਦੁਧ ਆਪ ਪੀ ਲਓ’। ਮਹਾਰਾਜ ਬੋਲੇ
: ‘ਅਸੀਂ ਕਉਣ ਹਾਂ ? ‘ ਕਹਿਣ ਲੱਗੀ : ਨਹੀਂ ਜਾਣਦੀ ਤੁਸੀਂ ਕਉਣ ਹੈ, ਆਮੁਹਾਰਾ ਮਨ ਚਾਉ ਭਰ
ਆਇਆ ਹੈ।। ਸਤਿਗੁਰਾਂ ਕਿਹਾ : ‘ਮੁੱਲ ਲੈਸੇਂ?’ ਕਹਿਣ ਲੱਗੀ ‘ਦੁਧ ਵੇਚਿਆ ਤਾਂ
ਪੁੱਤ ਵੇਚਿਆ, ਪੁੱਤ ਵੇਚਿਆ ਤਾਂ ਰਿਹਾ ਕੀ ? ‘ ਆਪ ਬੋਲੇ : ‘ਬਿਨਾਂ ਮੂਲ
ਕਿੰਞ ਪੀਵੀਏ ?’ ਬੋਲੀ: ‘ਅਸਾਂ ਕੰਗਾਲਾਂ
ਦਾਰ ਤੱਕਨੇ ਹੋ; ਤੱਕਣੀ ਨਾਲ ਠੰਢ ਪੈਨੀ ਏ, ਹੋਰ ਕੇ ਮੁੱਲ ਮੰਗਾਂ ?’ ਆਪ ਬੋਲੇ ‘ਇੰਞ ਨਾ ਪੀਂਦੇ
ਹਾਂ। ਇਹ ਸੁਣ ਰੋ ਪਈ, ਨੈਣ ਮਿਟ ਗਏ, ਰੰਗ ਬਦਲ ਗਿਆ। ਫੇਰ ਨੈਣ ਖੋਲੇ, ਹਾਹੁਕਾ ਲਿਆ, ‘ਖ਼ਬਰੇ ਕਿੰਨੇ
ਜੁਗਾਂ ਦੀ ਦੁਧ ਲਈ ਪਈ ਮਗਰੇ ਮਗਰੇ ਫਿਰਨੀ ਹਾਂ, ਮੈਥੋਂ ਕਿਉਂ ਨਹੀਂ ਪੀਂਦੇ ? ‘ ਪੈਸੇ ਜਿੰਨੇ
ਲੈਸਾਂ ਦੂਏ ਦਿਨ ਮੁੱਕ ਜਾਸਣ। ਮੁੱਲ ਹੀ ਦੇਕੇ ਪੀਓਗੇ ? ਪੀਓ; ਪੀਓ ਸਹੀ, ਮੁੱਲ ਹੀ ਦਿਓ, ਦਿਓ
ਨਾ ਤੇ ਪੀਓ ਨਾ, ਤੁਸੀਂ ਦਾਤੇ ਜੁ ਹੋਏ, ਦਿਓ ਨਾਂ, ਪਰ ਜੇਡੇ ਵੱਡੇ ਹੋ ਓਡਾ ਮੁੱਲ ਦਿਓ, ਪੈਸੇ ਮੁੱਕ ਜਾਸਣ, ਤੁਸਾਂ
ਪਾਸ ਵੇਚਾਂ ਤਾਂ ਕੁਛ ਤੁਹਾਡੇ ਜੋੜਾ ਮੁੱਲ ਪਵੇ, ਹਾਏ ਰਾਮ ! ਰਾਮ ਹੈ ਕਿ ਕ੍ਰਿਸ਼ਨ, ਕ੍ਰਿਸ਼ਨ ਹੈ
ਕਿ ਰੱਬ, ਰੱਬ ਹੈ ਕਿ ਓਹ, ਓਹ ਹੈ ਕਿ ਮੈਂ, ਮੈਂ ਹਾਂ ਕਿ ਦੁੱਧ, ਦੁੱਧ ਹੈ ਕਿ ਪੈਸੇ, ਪੈਸੇ ਹਨ
ਕਿ ਦਰਸ਼ਨ, ਦਰਸ਼ਨ ਹਨ ਕਿ ਤੂੰ, ਤੂੰ ਹੈ ਕਿ ਮੈਂ, ਹੈ । ਹੈ, ਆਹ ਚੱਲਿਆ ਜੋ ਦੁਧ ਖੀਰ ਸਮੁੰਦਰ
ਨੂੰ, ਆਪੇ ਪਿਆ ਰਿੜਕੀ ਆਪੇ ਪਿਆ ਪੀਵੀਂ, ਅਸੀਂ ਚੱਲੇ ਹਾਂ ਚਾਹਨਾਂ ਦੇ ਦੇਸ।
ਇਸ ਤਰ੍ਹਾਂ ਦੇ ਔਲੇ
ਮੌਲੇ ਵਾਕ ਕਹਿ ਰਹੀ ਸੀ ਕਿ ਕਲਗੀਧਰ ਜੀ ਦੇ ਚਿਹਰੇ ਨੇ ਵੱਟ ਖਾਧਾ ਭਰਵੱਟਿਆਂ ਵਿਚ ਵੱਟ ਪਿਆ,
ਬੁਲ੍ਹ ਦੰਦਾਂ ਵਿਚ ਦੱਬੇ ਗਏ, ਨੈਣ ਮੁੰਦ ਗਏ, ਤੇ ਪਲ ਮਗਰੋਂ ਛਾਲ ਮਾਰਕੇ ਉਤਰੇ, ਮਟਕੀ ਆਪ ਸਿਰੋਂ
ਚਾਈ, ਮੂੰਹ ਲਾ ਲਿਆ 'ਤੇ ਸਾਰਾ ਮੱਘਾ ਦੁੱਧ ਦਾ ਪੀ ਗਏ। ਜਿਉਂ ਜਿਉਂ ਦੁਧ ਪੀਤਾ ਉਸ ਦੀ ਹੋਸ਼
ਫਿਰਦੀ ਗਈ, ਸ਼ੁਕਰ ਸ਼ੁਕਰ ਆਖਣ ਲੱਗ ਗਈ : ਹੈ ਮੈਂ ਕਿਥੇ ਸਾਂ 'ਵਾਹਿਗੁਰੂ' ਕੀ ਹੋਇਆ । ਵਾਹਿਗੁਰੂ ਦਾ ਦੇਸ ਕੇਹੜਾ ਹੋਇਆ, ਕੌਣ ਰਾਜਾ
ਹੈ ਓਸ ਦੇਸ਼ ਦਾ ? ਮੈਨੂੰ ਓਸ ਦੇਸ਼ ਕੌਣ ਲੈ ਗਿਆ, ਓਸ ਦੇਸ਼ ਨੇ ਜੋਰੀ ਆਪੇ ਮੇਰੀ ਮਟਕੀ
ਚਾ ਕੇ ਸਾਰਾ ਦੁਧ ਪੀ ਲਿਆ, ਕਉਣ ਰਾਜਾ ਸੀ ਐਡਾ ਸੋਹਣਾ ਤੇ ਬਲੀ, ਮੈਨੂੰ ਫੇਰ ਏਥੇ ਛੋੜ ਗਿਆ ਹੈ।
ਹਾਂ, ਇਹ ਮੇਰੇ ਅੰਦਰ ਧੁਨਿ ਕੀ ਪੈ ਗਈ। ਲੂੰ ਲੂੰ ਵਾਹਿਗੁਰੂ ਕਹਿ ਰਹੇ ਹਨ। ਮੈਂ ਹਲਕੀ ਫੁੱਲ ਹੋ
ਗਈ ਹਾਂ, ਮੇਰਾ ਭਾਰ ਤੋਲ ਕੋਈ ਨਹੀਂ ਰਿਹਾ। ਵਾਹਿਗੁਰੂ' ਕਿਉਂ ਮੱਲੋ ਮੱਲੀ ਹੋ ਰਿਹਾ ਹੈ, ਇਸ ਵਿਚ
ਸੁਆਦ ਕੇਹਾ ਆ ਰਿਹਾ ਹੈ। ਹਵਾ, ਇਹ ਦੁੱਧ ਦਾ ਮੁੱਲ ਹੈ, ਵਾਹਿਗੁਰੂ ਦੇ ਦੇਸ਼ ਇਹ ਸਿੱਕਾ ਟਰਦਾ
ਹਊ, ਚੰਗਾ ਮੁੱਲ ਮਿਲ ਗਿਆ, ਮੈਂ ਮੂਰਖ ਆਖਾਂ ਇੰਜੇ ਪੀਓ ਤੇ ਓਹ ਆਖਣ ਮੁੱਲ ਲਓ। ਮੈਂ ਕੀ ਜਾਣਾ
ਮੁੱਲ ਪੈਸੇ ਨਹੀਂ, ਪਰ ਆਹ ਰਸ ਮਿਲੇਗਾ। ਦੁਹਾਈ ਵੇ ਲੋਕਾ । ਮੈਂ ਗੋਰਸ(ਗਊ ਦਾ ਰਸ) ਦਿੱਤਾ ਤੇ ਰਾਮ ਰਸ ਪਾਇਆ ਨੇ ਆਓ ਵੇ
ਲੋਕੋ ਵਪਾਰੀ ਆਇਆ ਨੇ ਕਰ ਵੀ ਮੁੱਦੇ, ਦਿਓ ਵਸਦੇ, ਦਿਓ ਵੇ ਗੋਰਸ, ਲਓ ਵੇ ਮੁੱਲ, ਹਾਂ ਮੁੱਲ ਰਾਮ
ਰਸ।'
(ਰਾਣੀ ਨੂੰ ਗੁਰੂ ਸਾਹਿਬ ਨਾਲ ਮਿਲਣ ਦੀ ਬੜੀ ਤਾਂਘ ਸੀ,ਉਹ ਰਾਜੇ ਨੂੰ ਕਹਿੰਦੀ
ਸੀ ਕਿ ਉਹ ਗੁਰੂ ਸਾਹਿਬ ਜੀ ਨੂੰ ਕਹਿੰਦੀ ਸੀ ਕਿ ਗੁਰੂ ਜੀ ਆਪਣੀ ਰਿਆਸਤ ਵਿੱਚ ਬੁਲਾਓ ਪਰ ਰਾਜਾ ਚਾਹੁੰਦਾ ਸੀ ਕਿ ਉਸ ਪ੍ਰੇਮ ਦੀ ਨਿੱਕੀ
ਨਿੱਕੀ ਨਿੱਕੀ ਨਿੱਕੀ ਕਣੀ ਨਿਰਮਲ ਰਹੇ! ਨਾਲੇ ਹੀ ਉਹ ਸਮਝਦਾ ਸੀ ਕਿ ਮਾਲੀ ਆਪ ਬੂਟਿਆਂ ਨੂੰ ਪਾਣੀ ਪਾਉਣ ਲਈ ਆਉਂਦਾ ਹੈ ਨਾ ਕਿ ਬੂਟੇ ਉਸ
ਕੋਲ ਜਾਂਦੇ ਨੇ)
ਰਾਜੇ ਨੇ ਵਾਰਤਾ ਸੁਣੀ, ਪਰ ਰਾਜੇ ਦੇ ਚਿਹਰਾ ਦਾ ਪ੍ਰਭਾਵ ਇਕੋ ਜਿਹਾ
ਰਿਹਾ, ਕੋਈ ਭਾਵ ਪ੍ਰਤੀਤ ਨਹੀਂ ਹੋਇਆ,ਰਾਣੀ ਤੋਂ ਰਿਹਾ ਨਾ ਗਿਆ, ਬੇਤਾਬ ਹੋਕੇ ਬੋਲੀ : ਹੁਣ ਤਾਂ
ਮੈਨੂੰ ਪਤਾ ਹੈ ਕਿ ਤੁਸੀਂ ਪਿਆਰ ਵਿਚ ਹੋ, ਐਡੀ ਖੁਸ਼ੀ ਦੀ, ਐਡੀ ਅਚਰਜ, ਐਡੀ ਸ਼ਕਤੀ ਤੇ ਪਿਆਰ ਦੀ
ਗੱਲ ਸੁਣਕੇ ਵੀ ਤੁਸਾਡੇ ਦਿਲ ਨੂੰ ਕੋਈ ਪਿਆਰ, ਕੋਈ ਖਿੱਚ ਦਾ ਤਣੱਕਾ ਨਹੀਂ ਵੱਜਾ ?
ਰਾਜਾ : ਅੰਦਰ ਦੀ ਦੁਨੀਆਂ ਦੇ ਕਰਤਬ ਅੰਦਰ।
ਰਾਣੀ : ਕੋਈ ਓਪਰਾ ਨਹੀਂ
ਬੈਠਾ, ਮੁਹਰਮ ਬੈਠੀ ਹਾਂ, ਦਿਲ ਨੂੰ ਖੁੱਲ੍ਹਾ ਛੱਡਦੇ ਰਤਾ,ਅੰਦਰਲੇ ਭਾਵਾਂ ਦਾ ਰਸ ਆ ਜਾਂਦਾ।
ਰਾਜਾ : ਕੋਈ ਬੁਲਬੁਲ ਹੈ ਕੋਈ ਪਰਵਾਨਾ ਪਰਵਾਨਾ ਬੁਲਬੁਲ ਕਿਵੇਂ ਬਣੇ ?
ਇਕ ਦਿਨ ਫਿਰ
ਰਾਜਾ ਸ਼ਿਕਾਰ ਕਰਨ ਲਈ ਜੰਗਲ ਵਿੱਚ ਗਿਆ ਤੇ ਉਨ੍ਹਾਂ ਨੂੰ ਉਥੇ ਹਿਰਨ ਨੂੰ ਲੱਗੇ ਉਸ ਤੀਰ ਅੱਗੇ ਜੜੇ
ਹੋਏ ਸੋਨੇ ਤੋਂ ਪਤਾ ਚੱਲਿਆ ਕਿ ਗੁਰੂ ਸਾਹਿਬ ਵੀ ਇਸ ਜੰਗਲ ਵਿੱਚ ਸ਼ਿਕਾਰ ਕਰਨ ਲਈ ਆਏ ਹਨ। ਰਾਜੇ
ਦੀ ਆਗਿਆ ਲੈ ਮੰਤਰੀ ਗੁਰੂ ਜੀ ਦੇ ਦਰਸ਼ਨ ਕਰਨ ਚਲਾ ਗਿਆ।
ਮੰਤਰੀ ਅਤੇ ਗੁਰੂ ਜੀ ਦੀ ਵਾਰਤਾ
ਮੰਤਰੀ ਨੇ ਜਾ
ਮੱਥਾ ਟੇਕਿਆ। ਸ੍ਰੀ ਗੁਰੂ ਜੀ ਬੜੇ ਪਿਆਰ ਨਾਲ ਮਿਲੇ ।
ਬੋਲੇ : ਮੰਤ੍ਰੀ
ਤੁਸਾਡੇ ਰਾਜ ਵਿਚ ਬੜਾ ਪਿਆਰ ਹੈ, ਜਿਧਰ ਜਾਂਦੇ ਹਾਂ ਲੋਕ ਖੁਰਦਰੇ ਤੇ ਖਰਵੇ ਦਿੱਸਦੇ ਹਨ, ਜਦੋਂ
ਕੋਈ ਕੰਮ ਆਖਦੇ ਹਾਂ ਤਾਂ ਅੱਗੇ ਕੂਲੇ ਤੇ ਨਰਮ ਭਾਵ ਨਾਲ ਸਤਿ ਬਚਨ ਕਰਕੇ ਕਰਦੇ ਹਨ।
ਮੰਤਰੀ : ਆਪ ਜੀ ਦੀ ਕਿਰਪਾ ਹੈ, ਰਾਜਾ ਜੀ ਦੇ ਹਿਰਦੇ
ਦਾ ਲੋਕਾਂ ਘਰ ਪਰਭਾਉ ਹੈ।
ਗੁਰੂ ਜੀ : ਕੁਛ ਤੁਸਾਂ ਵੱਲੋਂ ਪਰਜਾ ਨੂੰ ਆਗਿਆ ਹੀ ਹੈ।
ਗੁਰੂ ਜੀ : ਸਾਬਾਸ਼, ਮੰਤਰੀ ਅੱਜ ਅਜੇ ਤੱਕ ਸਾਨੂੰ
ਸ਼ਿਕਾਰ ਨਹੀਂ ਲੱਭਾ, ਅੱਗੇ ਤਾਂ ਅੱਗੇ ਪਿੱਛੇ ਪਏ ਸਿਕਾਰ ਫਿਰਦੇ ਸਨ, ਅੱਜ ਕਿਤੇ ਖੁੰਝ ਗਏ ਹਨ ਸਾਰੇ
ਬਨ ਪਸ਼ੂ।
ਮੰਤਰੀ : ਅੱਜ ਆਪ ਦਾ ਤੀਰ ਇਕ ਸਾਰੇ ਸ਼ਿਕਾਰ ਮਿਰਗ
ਨੂੰ ਲਗਾ ਹੈ, ਸਾਡਾ ਮਾਰਿਆ ਤਾਂ ਰੂਲਦਾ ਨਰਕਾਂ ਵਿਚ ਆਪ ਮੁਕਤੀ ਦਾਤਾਂ ਦੇ ਕਰ ਕਮਲਾ ਦਾ ਲੋਹਾ ਉਸ
ਦੀ ਦੇਹੀ ਨੂੰ ਛੁਹ ਗਿਆ, ਉਹ ਗਿਆ ਬੈਕੁੰਠ ਧਾਮ ਨੂੰ ਆਪ ਨੇ ਉਸ ਦੇ ਪਾਰ ਉਤਾਰਨ ਲਈ ਤੀਰ ਮਾਰਿਆ
ਹੈ।
ਗੁਰੂ ਜੀ ਨੇ
ਅੱਗੇ ਹੱਕ ਮੰਤ੍ਰਾਂ ਨੂੰ ਛਾਤੀ ਨਾਲ ਲਾਇਆ ਤੇ ਕਿਹਾ 'ਵਾਹਿਗੁਰੂ ਮੰਤਰੀ ਤੇ ਪਿਆਰ, ਇਹ ਬਭੋਰ ਹੈ
ਕਿ ਭੰਬੋਰ ਹੈ, ਪਿਆਰ ਦੇ ਚੱਕ ਚੱਲ ਰਹੇ ਹਨ। ਰਾਜਾ ਕਿਥੇ ਹੈ?
ਮੰਤਰੀ: ਮਰੇ ਮ੍ਰਿਗ ਪਾਸ।
ਮੰਤਰੀ : ਮੇਰਾ ਸੁਆਮੀ ਹੈ, ਪਰ ਆਪ ਰੱਖੀ ਜੋਤ ਹੈ, ਆਪ
ਖੇਚਲ ਨਾ ਕਰੋ, ਮੈਂ (ਝਿਜਕ ਕੇ) ਉਹਨਾਂ ਨੂੰ ਲਿਆ….ਵਾਂ?
ਮੰਤਰੀ ਰਤਾ ਸਹਿਜੇ ਟੁਰਿਆ, ਪਰ ਬਿਰਦਪਾਲ ਹੁਣ ਕਾਹਲੇ ਹੋਏ। ਫਿਰ ਅਝਕੇ,
ਮੰਤ੍ਰੀ ਵੱਲ ਤੱਕੇ, ਮੰਤ੍ਰੀ। ਬਈ ਤੁਸੀ ਸਾਰੇ ਏਥੇ ਠਹਿਰੇ, ਸਾਨੂੰ ਪਤਾ ਦਿਓ ਰਾਜਾ ਕਿਸ ਦਿਸਾ
ਹਨ । ਮੰਤ੍ਰਾਂ ਦੇ ਕਲੇਜੇ ਹੋਰ ਤੀਰ ਵੱਜਾ ਕਿ ਪੂਰਨ ਅੰਤਰਯਾਮੀ ਹਨ। ਉਸ ਦਿਸ਼ਾ ਵੱਲ ਉਂਗਲ
ਕੀਤੀ ।
ਗੁਰੂ ਜੀ ਰਾਜਾ ਜੀ ਮਿਲੇ ਪਿਆਰ ਕੀਤਾ। ਨਾਮ ਮਹਾ ਰਸ ਪੀਤਾ ਗਿਆ। ਪ੍ਰੇਮ ਵਾਲੇ ਦਿਲ ਵਿਚ, ਬਾਣੀ ਨਾਲ
ਉੱਜਲੇ ਹੋ ਚੁਕੇ ਮਨ ਵਿਚ, ਸਭ ਮੈਲਾਂ ਤੋਂ ਬੰਦ ਰੱਖੇ ਮਨ ਵਿਚ ਨਾਮ ਦਾ ਪ੍ਰਵੇਸ਼, ਨਾਮ ਰਸ ਦਾ
ਪ੍ਰਵੇਸ਼ ਹੋ ਗਿਆ । ਪਰ ਚੁੱਪ, ਨਾ ਜੀਤਾ ਬੋਲੀ, ਨਾ ਕੰਨਾਂ ਸੁਣਿਆਂ ਜੈਸੀ ਭੂਖ ਤੈਸੀ ਕਾ ਪੂਰਕ’’
ਦਾਤਾ ਰਾਜਾ ਨੂੰ ਨਿਹਾਲ ਕਰ ਗਿਆ, ਨੈਣ ਚਾਏ, ਦਰਸ਼ਨ ਡਿਠਾ, ਫੇਰ ਡਿੱਠਾ, ਖੀਵਾ ਹੋਇਆ, ਭੂਮਿਆ – ਵਾਹਿਗੁਰੂ !
ਅੰਦਰ ਲੰਘ ਗਏ । ਅੱਗੇ ਅੱਗੇ ਟੁਰਦੇ ਗਏ। ਪ੍ਰਿਯਾਵਰ ਦੇ ਕਮਰੇ ਪਾਸ
ਚਲੇ ਗਏ । ਅੱਗੇ ਕੱਲ੍ਹ ਵਾਲਾ ਹੀ ਨਕਸ਼ਾ ਬੱਝਾ ਪਿਆ ਸੀ । ਪ੍ਰਿਯਾਵਰ ਅਰਦਾਸ ਕਰ ਰਹੀ ਸੀ, ਜਿਸ
ਤਰਾਂ ਦੀ ਕਲ ਕੀਤੀ ਸੀ। ਦੋਵੇਂ ਬਾਹਰ ਖੜੇ ਗਏ, ਪਰ ਮਹਾਰਾਜ ਅੰਦਰ ਇਕ ਕਦਮ ਹੋਰ ਧਰਕੇ ਖਲੋ ਗਏ।
ਨਿਰੋਲ ਆਤਮ ਰੰਗ ਤੇ ਪਤੀ ਪ੍ਰੇਮ ਵਿਚ ਬਿਹਬਲ ਦੁਲਾਰੀ ਦੀ ਅਰਦਾਸ ਸੁਣੀ ਆਪ ਦੇ ਦੇਵੀ ਨੈਣ ਭਰ ਭਰ
ਆਏ ਹਾਏ ਪ੍ਰੇਮ ਕੀ ਜਾਦੂ ਹੈ। ਹੈ
ਵਾਹਿਗੁਰੂ । ਇਸੇ ਪ੍ਰੇਮ ਰਸ ਲਈ ਹੀ ਇਹ ਸੰਸਾਰ ਹੈ।
ਜਦ ਅਰਦਾਸ ਹੋ ਮੁੱਕੀ, ਰਾਣੀ ਨੂੰ ਲੈਣ ਖੋਹਲੇ, ਅੱਖਾਂ ਦੇ ਅੱਗੇ ਧਿਆਨ
ਮੂਰਤੀ ਖੜੀ ਹੈ, ਪਰ ਉਸ ਜਾਤਾ ਕਿ ਮੇਰੇ ਧਿਆਨ ਦੀ ਮੂਰਤੀ ਹੀ ਹੈ । ਫੇਰ ਨੈਣ ਮੀਟੇ, ਫੇਰ ਖੋਹਲੇ।
ਰਾਜਾ ਦਾ ਸੁਭਾਉ ਨਾਂ ਦਿਖਾਵੇ ਦਾ ਹੈ, ਨਹੀਂ ਵਧਦਾ ਅੱਗੇ ਤੋਂ ਨਹੀਂ ਕਹਿੰਦਾ ਆ ਗਏ ਹਨ । ਚੁੱਪ
ਅਦਬ ਨਾਲ ਦਲੀਜਾਂ ਵਿਚ ਸਿਰ ਤਾਕ ਨਾਲ ਲਾਈ ਪਿਆਰ ਵਿਚ ਮਗਨ ਤੇ ਨਾਮ-ਰਸ ਵਿਚ ਨਿਮਗਨ ਰਾਜਾ, ਮੂਰਤ ਵਾਂਗੂ
ਖੜਾ ਹੈ । ਪਰ ਦਾਤਾ ਜੀ ਅਨਬੋਲਤ ਪੀੜਾ ਦੇ ਜਾਨਣਹਾਰ ਹਨ; ਦਾਤਾ ਜੀ ਆਪ ਬੋਲੇ “ਬੇਟਾ ਜੀਉ ।
ਅਸੀਂ ਆ ਗਏ ਹਾਂ, ਤੇਰੇ ਪਤੀ ਨੂੰ ਵਾਹਿਗੁਰੂ ਜੀ ਨੇ ਅਪਣੇ ਪਿਆਰ ਮੰਡਲ ਵਿਚ ਵਸਾ ਲਿਆ ਹੈ, ਆਓ,
ਤੁਸੀਂ ਵੀ ਵਾਹਿਗੁਰੂ ਦੇ ਦੇਸ ਚੱਲੋ।
ਰਾਣੀ : ਪ੍ਰਿਯਾਵਰ ਤੁਸੀ ਹੋ ? (ਧਾ ਕੇ) ਆਪ ਹੋ?ਹੈਂ ਸੱਚ ਮੁੱਚ ਆਪ ਹੋ? ਆ ਗਏ
ਹੋ ? ਨਹੀਂ, ਮੇਰੇ ਨੈਣ ਧਿਆਨ ਨੂੰ ਵੇਖਦੇ ਹਨ ਤੇ ਮੇਰੇ ਕੰਨ ਧਿਆਨ ਮੂਰਤੀ ਦੀ ਬਾਣੀ ਸੁਣਦੇ ਹਨ।
ਗੁਰੂ ਜੀ : ਆਓ, ਪੁੱਤਰ ਜੀ।
ਆ ਗਏ ਹਾਂ।
ਰਾਣੀ ਹੇਠਾਂ ਉੱਪਰ ਵੇਖਦੀ ਹੈ, ਅੱਗੇ ਵਧਦੀ ਹੈ, ਝਿਜਕਦੀ ਹੈ, ਫਿਰ
ਘੁਸਮੁਸ ਵਿਚ ਪਤੀ ਦਲੀਜੇ ਲੱਗਾ ਦਿਸਦਾ ਹੈ । ਹਾਂ ਠੀਕ, ਇਹ ਤਾਂ ਜਾਗਤ ਹੈ, ਦੇਸ਼ ਹੈ, ਆ ਗਏ।’’
ਧਾਈ ਤੇ ਚਰਨਾਂ ਤੇ ਢੰਨੀ, ਪਰ ਫੇਰ ਗਏ ਟਿਕਵੇਂ ਦਾ ਉੱਠੀ ਤੇ ਕੋਮਲਤਾ ਵਿਚ
ਬੋਲੀ ‘’ਦਾਤਾ ਜੀਓ। ਪਤੀ
ਜੀ ਨੂੰ ਮਿਲੇ ਹੋ ?
ਗੁਰੂ ਜੀ : ਪੁੱਤਰ ਜੀਓ। ਮਿਲੇ ਹਾਂ।
ਰਾਣੀ : ਪ੍ਰਿਯਾਵਰ ਮੈਂ
ਕਾਹਲੀ ਹਾਂ ਸਾਹਿਬ ਜੀਓ । ਪਹਿਲਾਂ ਫੇਰ ਮਿਲੇ, ਜੀ ਮਿਲ ਨਾ ਮੇਰੇ ਬੇ-ਜੁਬਾਨ ਮਾਲਕ ਜੀ ਨੂੰ ਗਲ
ਲਾਓ ਨਾ, ਮੈਂ ਤੱਕਾਂ, ਮੇਰੇ ਨੈਣ ਕਰਨ, ਮੈਂ ਫੇਰ ਇਹ ਜੁਗਾਂ ਤੋਂ ਅਰਾਧ ਚਰਨ ਕਮਲ ਪਰਸਾਂ | ਦਾਤਾ
! ਮੇਹਰ ਕਰੋ, ਪਹਿਲਾਂ ਮੇਰੇ ਪਿਆਰੇ ਨੂੰ ਗਲ ਲਾਓ।
ਇਸ ਪਿਆਰ ਤੇ ਆਪਾ ਨੁਛਾਵਰ ਪ੍ਰੀਤੀ ਨੂੰ ਤੱਕ ਕੇ ਸਾਹਿਬਾਂ ਦੇ ਨੈਣ
ਫੇਰ ਤਰ ਆਏ, ਰਾਜਾ ਨੂੰ ਗਲ ਲਾਇਆ ਤਾਂ ਰਾਣੀ ਨੇ ਡਿੱਠਾ, ਅੱਖਾਂ ਠਰੀਆਂ । ਹੁਣ ਬਿਹਬਲ ਹੋਕੇ ਧੜ
ਕਰਦੇ ਚਰਨਾਂ ਤੇ ਡਿੱਗੀ, ਡਿੱਗੀ ਤੇ ਚਰਨਾਂ ਨੂੰ ਚੰਬੜਕੇ ਬੇ-ਸੁੱਧ ਹੋ ਗਈ।
ਹਾਇ ਇਨਸਾਨ ਦੇ ਅੰਦਰਲੇ ਦੀ ਭੁੱਖ ਆਪਣੇ ਤੋਂ ਉੱਚੇ ਲਈ,ਹਾਂ ਤੇਰੇ ਲਈ, ਹੇ ਅਦ੍ਰਿਸ਼ਯ, ਹੈ ਨਾ ਦਿੱਸਣਹਾਰ ਤੇਰੇ ਲਈ,
ਪ੍ਰੀਤ ਇਨਸਾਨ ਤੇਰੇ ਇਹਨਾਂ ਦਰਸ਼ਨਾਂ ਨੂੰ ਤੜਫਦਾ ਹੈ, ਕਿ ਤੂੰ ਸਾਡੇ ਨੈਣਾਂ ਗੋਚਰੇ ਰੂਪ ਵਿਚ
ਪ੍ਰਕਾਸ਼ ਪਾਵੋ ਤਾਂ ਸਾਡੀਆਂ ਰੂਪ ਦੇਖਣਹਾਰ ਅੱਖੀਆਂ ਵੀ ਦਰਸ਼ਨ ਕਰਨ ਤੇ ਸਾਡੀਆਂ ਅੰਦਰਲੀਆਂ
ਸੱਧਰਾਂ ਪੂਰੀਆਂ ਹੋਣ।
ਵਾਹ ਜੀ ਵਾਹ !! ਕਮਾਲ !! ਕੈਸੀਆਂ ਰਹੱਸਮਈ ਬਾਤਾਂ ਭਾਈ ਵੀਰ ਸਿੰਘ ਜੀ ਨੇ ਲਿਖੀਆਂ ਹਨ ਜਿਨ੍ਹਾਂ ਨੂੰ ਵਾਰ ਵਾਰ ਪੜਨ ਅਤੇ ਬਲਿਹਾਰੇ ਜਾਣ ਨੂੰ ਚਿੱਤ ਕਰਦਾ ਹੈ। ਭਾਈ ਸਾਹਿਬ ਜੀ ਦੀਆਂ ਰਚਨਾਵਾਂ ਅਜਿਹੀਆਂ ਹਨ ਜੋ ਮਨੁੱਖੀ ਜੀਵਨ ਸਤਰੰਗੀ ਬਣਾਉਣ ਵਿੱਚ ਸਹਾਇਕ ਹੁੰਦੀਆਂ ਹਨ ਤੇ ਜਦੋਂ ਕੋਈ ਇਕ ਵਾਰ ਵੀ ਪੜ ਲੈਂਦਾ ਹੈ ਉਸਨੂੰ ਜ਼ਿੰਦਗੀ ਜਿਊਣ ਦਾ ਚੱਜ ਜਾਂਦਾ ਹੈ। ਕਾਸ਼ ! ਅਸੀਂ ਭਾਈ ਸਾਹਿਬ ਜੀ ਦੇ ਜੀਵਨ ਕਾਲ ਸਮੇਂ ਜਨਮੇ ਹੁੰਦੇ ਤਾਂ ਉਨ੍ਹਾਂ ਦਾ ਸੰਗਤ ਕਰਨ ਦਾ ਦ੍ਰਿਸ਼ ਸ਼ਬਦਾਂ ਵਿਚ ਬਿਆਨ ਤੋਂ ਪਰੇ ਹੋਣਾ ਸੀ।
- Ekamnoor Singh
ਸਿੱਖਿਆਵਾਂ ਅਤੇ ਤੱਤ, ਰਾਣਾ ਭਬੌਰ
੧. ਨਿਮਰਤਾ : ਆਤਮਿਕ ਤਰੰਗਾਂ ਦਾ ਅਨੰਦ ਮਾਣਦੇ ਰਹਿਣ ਦੇ ਬਾਵਜੂਦ, ਰਾਣਾ ਆਪਣੀ ਅਵਸਥਾ ਨੂੰ ਕੇਵਲ ਇਕ ਨਿੱਕੀ ਕਣੀ ਹੀ ਜਾਣਦਾ ਹੈ। ਅਕਸਰ ਸਾਡੇ ਵਿੱਚੋਂ ਕਈ ਜਨ ਅਵਸਥਾ ਦੀ ਚੜ੍ਹਤ ਨੂੰ ਮਹਿਸੂਸ ਕਰਦਿਆਂ ਹੀ ਹੰਕਾਰ ਦੇ ਰੋਗ ਦੀ ਚਪੇਟ ਵਿਚ ਆ ਜਾਂਦੇ ਹਾਂ, ਕੁਛ - ਏਕ ਗੁਰੂ ਦੀ ਨਦਰਿ ਵਾਲੇ ਸੂਰਬੀਰ ਹੀ ਇਸ ਨੂੰ ਮਾਤ ਪਾਉਂਦੇ ਹਨ। ਸਤਿਗੁਰੂ ਸਾਡੀ ਵੀ ਇੰਨੀ ਇੰਮਯੂਨਿਟੀ( immunity ) ਬਣਾਉਣ ਕਿ ਜਦੋਂ ਵੀ ਹੰਕਾਰ ਰੂਪੀ ਰੋਗ ਵੱਲੋਂ ਸਾਡੇ ਮਨ ਰੂਪੀ ਸਰੀਰ ਤੇ ਹਮਲਾ ਹੋਵੇ ਤਾਂ ਸਾਡੀ ਨਿਮਰਤਾ ਰੂਪ ਇੰਮਯੂਨਿਟੀ ਬਚਾ ਲਵੇ ਅਤੇ ਅਸੀਂ ਇਕ ਸੁਅਸਥ( healthy ) ਅਧਿਆਤਮਿਕ ਜੀਵਨ ਦਾ ਅਨੰਦ ਮਾਣੀਏ।
੨. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ : ਰਾਣਾ ਅਤੇ ਰਾਣੀ ਦਾ ਜੰਮ - ਪਲ ਤੇ ਵਿਆਹ ਭਾਵੇਂ ਰਾਜਸੀ ਪਰਿਵਾਰਾਂ ਵਿਚ ਹੋਏ ਸਨ। ਪਰੰਤੂ ਤਾਂ ਵੀ ਉਨ੍ਹਾਂ ਨੂੰ ਉਹ ਮਹਾ ਅਨੰਦ ਸਾਰੇ ਜਗਤ ਦੇ ਧਨ - ਸੰਮਪਦਾ, ਆਰਾਮਾਂ ਆਦਿ ਤੋਂ ਨਾ ਮਿਲਿਆ ਜੋ ਉਨ੍ਹਾਂ ਨੂੰ ਗੁਰੂ ਦੇ ਦਰਸ਼ਨਾਂ ਦੀ ਸਿਕ 'ਚੋਂ ਮਿਲਿਆ। ਜੇਕਰ ਮਾਇਆ ਸਾਨੂੰ ਸੁਖ ਦੇ ਸਕਦੀ ਹੁੰਦੀ ਤਾਂ ਰਾਣਾ ਅਤੇ ਰਾਣੀ ਨੂੰ ਨਾਮ ਜੱਪਣ ਦੀ ਲੋੜ ਨਾ ਹੁੰਦੀ। ਹੇ ਸਾਈਆਂ ਜੀਉ ! ਸਾਨੂੰ ਵੀ ਆਪਣੀ ਪ੍ਰੇਮ ਕਣੀ ਲਾ ਦਿਉ ਅਤੇ ਮਾਇਆ ਦੇ ਮੋਹ ਨੂੰ ਸਾਡੇ ਅੰਦਰੋਂ ਤਿਨਕੇ ਵਾਂਙ ਉਡਾ ਦਿਉ !!
੩. ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣੀ : ਇਨ੍ਹਾਂ ਨਾਮ ਰਸੀਏ ਹੋਣ ਦੇ ਬਾਵਜੂਦ ਰਾਣਾ ਨੇ ਸ਼ਾਹੀ ਦਰਬਾਰ ਦੇ ਕੰਮ ਵਿਚ ਢਿੱਲ ਅਤੇ ਪਰਜਾ ਨੂੰ ਕਸ਼ਟ ਨਹੀਂ ਆਣ ਦਿੱਤੇ। ਨਹੀਂ ਤਾਂ ਬਹੁਤੇ ਇਹ ਕਹਿੰਦੇ ਹਨ ਕਿ ਇਕ ਵਾਰ ਸੰਸਾਰਿਕ ਕੰਮ ਨਿਬੇੜ ਲਈਏ, ਫੇਰ ਨਾਮ ਜਪਾਂਗੇ। ਅਤੇ ਇਹ ਵੀ ਆਮ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਅੰਦਰ ਨਾਮ ਜਪਣ ਦੀ ਲਲਕ ਪੈਦਾ ਹੁੰਦੀ ਹੈ, ਉਹ ਕਿਰਤ, ਜ਼ਿੰਮੇਵਾਰੀਆਂ ਅਤੇ ਪਰਿਵਾਰ ਛੱਡ ਕੇ ਇਕਾਂਤ ਵਿਚ ਨਾਮ ਜਪਣ ਲਈ ਨਿਕਲ ਪੈਂਦੇ ਹਨ। ਗੁਰਮਤਿ ਤਾਂ ਇਹੀ ਹੈ ਕਿ ਸੰਸਾਰ ਅਤੇ ਅਧਿਆਤਮ ਵਿਚ ਸੰਤੁਲਨ ਰੱਖਿਆ ਜਾਵੇ। ਗੁਰੂ ਸਾਹਿਬ ਨੇ ਤਾਂ ਸੁਰਤਿ ਦੇ ਇਕਾਂਤ ਦੀ ਗੱਲ ਕੀਤੀ ਹੈ, ਨਾ ਕਿ ਜਗਤ ਤੋਂ ਬਾਹਰੀ ਉਪਰਾਮਤਾ ਦੀ। ਅਤੇ ਇੱਥੇ ਇਹ ਵੀ ਧਿਆਨ ਵਿਚ ਰਖੀਏ ਕਿ -
" ਕਰਿ ਕਰਿ ਥਾਕੇ ਵਡੇ ਵਡੇਰੇ ॥ ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥
ਹਰਿ ਹਰਿ ਨਾਮੁ ਜਪੈ ਜਨੁ ਕੋਇ ॥ ਤਾ ਕੀ ਆਸਾ ਪੂਰਨ ਹੋਇ ॥ "
ਸੋ ਜਦ ਤਕ ਸਾਡਾ ਸਰੀਰ ਸਮਰਥ ਹੈ ਤਦ ਤਕ ਭਰਪੂਰ ਨਾਮ ਕਮਾਈਆਂ ਕਰੀਏ।
੪. ਅਧਿਆਤਮਿਕ ਸਾਥੀ : ਜਿਸ ਪ੍ਰਕਾਰ ਪ੍ਰਭੂ ਵੱਲੋਂ ਸਾਡੇ ਸੰਸਾਰਿਕ ਸਾਥੀ ਚੁਣੇ ਜਾਣਦੇ ਹਨ, ਜਿਸ ਸਦਕਾ ਅਸੀਂ ਸੰਸਾਰਿਕ ਤਰੱਕੀਆਂ ਜਾਂ ਗਿਰਾਵਟਾਂ ਅਨੁਭਵ ਕਰਦੇ ਹਾਂ। ਉਸੇ ਪ੍ਰਕਾਰ, ਪ੍ਰਭੂ ਵੱਲੋਂ ਸਾਡੇ ਅਧਿਆਤਮਿਕ ਸਾਥੀ ਵੀ ਚੁਣੇ ਜਾਂਦੇ ਹਨ, ਜਿਨ੍ਹਾਂ ਦੀ ਸੰਗਤ ਕਰਨਾ ਸਾਨੂੰ ਅਧਿਆਤਮਿਕ ਅਰਸ਼ਾਂ ਤੇ ਪਹੁੰਚਾਉਂਦੀ ਹੈ ਜਾਂ ਵਿਕਾਰਾਂ ਦੇ ਅੱਗ ਵਾਲੇ ਸਮੁੰਦਰ ਵਿਚ ਸੁੱਟ ਦਿੰਦਾ ਹੈ। ਜੇ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਕਈ ਵਾਰ ਸਾਨੂੰ ਆਪਣੇ ਘਰੋਂ ਹੀ ਨਾਮ - ਰਤੇ ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਇਵੇਂ ਹੀ, ਜਦੋਂ ਰਾਣਾ ਦੀ ਲੁੱਕ - ਭਗਤੀ ਰਾਣੀ ਅੱਗੇ ਜ਼ਾਹਿਰ ਹੋ ਜਾਂਦੀ ਹੈ ਤਾਂ ਉਹ ਇਸ ਰਾਜ਼ ਨੂੰ ਰਾਣੀ ਪਾਸੋਂ ਹੋਰ ਨਹੀਂ ਲੁਕਾਉਂਦਾ ਅਤੇ ਸਾਰੀ ਗੱਲ ਖੁਲ ਕੇ ਦੱਸ ਦਿੰਦਾ ਹੈ ਕਿਉਂਕਿ ਉਹ ਇਹ ਜਾਣਦਾ ਸੀ ਕਿ ਰਾਣੀ ਦਾ ਆਤਮਿਕ ਕਦ ਕਿੰਨਾ ਉੱਚਾ ਹੈ।
੫. ਸਾਥੀਆਂ ਨੂੰ ਵੀ ਗੁਰੂ ਨਾਲ ਜੋੜਨਾ : ਰਾਣੀ ਨੂੰ ਜਦੋਂ ਤਕ ਇਹ ਨਹੀਂ ਪਤਾ ਸੀ ਕਿ ਉਸਦਾ ਪਤੀ ਗੁਰੂ ਸਾਹਿਬ ਦਾ ਲੁੱਕ - ਸ਼ਰਧਾਲੂ ਹੈ ਤਦ ਤਕ ਉਸ ਨੇ ਅਨੇਕ ਜਤਨ ਕੀਤੇ ਜਿਸ ਨਾਲ ਜੇਕਰ ਉਹ ਗੁਰੂ ਸਾਹਿਬ ਦਾ ਸ਼ਰਧਾਲੂ ਨਹੀਂ ਵੀ ਹੁੰਦਾ ਤਾਂ ਜ਼ਰੂਰ ਬਣ ਜਾਏ। ਸੋ ਅਸੀਂ ਵੀ ਜਤਨ ਕਰੀਏ ਕਿ ਖ਼ੁਦ ਦੇ ਨਾਲ - ਨਾਲ ਆਪਣੇ ਆਲੇ - ਦੁਆਲੇ ਦੇ ਵੀਰਾਂ/ਭੈਣਾਂ ਨੂੰ ਵੀ ਨਾਮ ਜੱਪਣ, ਅੰਮ੍ਰਿਤ ਵੇਲਾ ਸੰਭਾਲਣ ਅਤੇ ਨਿਤਨੇਮ ਕਰਨ ਲਈ ਪ੍ਰੇਰਨਾ ਕਰੀਏ।
੬. ਛੁਪਾਉਣ ਦਾ ਅਨੰਦ : ਰਾਣਾ ਆਪਣੀ ਭਿੰਨੀ ਅਵਸਥਾ ਅਤੇ ਪ੍ਰੀਤਮ ਦੇ ਪ੍ਰੇਮ ਨੂੰ ਛੁਪਾ ਕੇ ਰੱਖਦਾ ਹੈ। ਉਹ ਪ੍ਰੀਤ ਕਣੀ ਨੂੰ ਛੁਪਾਉਣ ਦਾ ਇਹ ਕਾਰਨ ਦੱਸਦਾ ਹੈ ਕਿ ਪ੍ਰੇਮ ਨੂੰ ਲੋਕਾਂ ਵਿਚ ਜ਼ਾਹਿਰ ਕਰਨ ਦੇ ਨਾਲ ਜੋ ਸਿਫਤ ਲੋਕਾਈ ਤੋਂ ਪ੍ਰਾਪਤ ਹੋਵੇਗੀ, ਉਹ ਉਸ ਨੂੰ ਹਉਮੈ ਦਾ ਦੀਰਘ ਰੋਗੀ ਬਣਾ ਦੇਵੇਗੀ, ਉਹਦੇ ਪ੍ਰੀਤਮ ਅਤੇ ਉਸ ਵਿਚਕਾਰ ਪ੍ਰੇਮ ਤਾਰਾਂ ਟੁੱਟ ਜਾਣਗੀਆਂ। ਪਰੰਤੂ ਜੇ ਕਿਸੇ ਉੱਤੇ ਸਿਫਤ ਜਾਂ ਚੁਗਲੀਆਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਤਾਂ ਉਹ ਭਾਵੇਂ ਨੱਚ ਕੇ ਪ੍ਰੇਮ ਕਰੇ ਭਾਵ ਖੁੱਲ੍ਹਮ - ਖੁੱਲ੍ਹਾ ਆਪਣੇ ਪ੍ਰੇਮ ਦਾ ਕੋਈ ਵੀ ਭੇਤ ਖੋਲ ਲਵੇ, ਇਹ ਉਸਦੀ ਇੱਛਿਆ ਹੈ। ਇੱਥੋਂ ਪਤਾ ਲਗਦਾ ਹੈ ਕਿ ਜਿਨ੍ਹਾਂ ਨੂੰ ਛੁਪਾ ਕੇ ਅਨੰਦ ਆਉਂਦਾ ਹੈ, ਉਹ ਛੁਪਾ ਕੇ ਪ੍ਰੇਮ ਕਰਨ। ਪਰ ਜੇਕਰ ਕਿਸੇ ਦੀ ਇੰਨੀ ਆਤਮਿਕ ਤੱਰਕੀ ਹੋ ਚੁਕੀ ਹੈ ਕਿ ਉਸ ਨੂੰ ਲੋਕਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀ ਅਤੇ ਜੇਕਰ ਉਹ ਆਪਣੇ ਭੇਤ ਖੋਲ੍ਹਣਾ ਵੀ ਚਾਹੁੰਦਾ ਹੋਵੇ, ਤਾਂ ਉਹ ਗਲਤ ਨਹੀਂ। ਭਾਵ ਸਾਨੂੰ ਹਰ ਇਕ ਦੀ ਅਵਸਥਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕੇਵਲ ਆਪਣੇ ਆਤਮਿਕ ਤਜ਼ੁਰਬੇ ਦੇ ਅਧਾਰ ਤੇ ਦੂਜਿਆਂ ਦਾ ਆਕਲਨ ਨਹੀਂ ਲਾਉਣਾ ਚਾਹੀਦਾ ਹੈ।
੭. ਤੜਪ ਵਿਚੋਂ ਰਸ : ਇਸ ਸੰਪੂਰਨ ਕਿਤਾਬ ਵਿਚ ਅਸੀਂ ਇਹ ਭਲੀ - ਭਾਂਤ ਮਹਿਸੂਸ ਕਰ ਸਕਦੇ ਹਾਂ ਕਿ ਜਦ ਤਕ ਰਾਣਾ ਜਾਂ ਰਾਣੀ ਨੂੰ ਗੁਰੂ ਕਲਗੀਧਰ ਜੀ ਦੇ ਮੁਕੱਦਸ ਦੀਦਾਰ ਨਸੀਬ ਨਹੀਂ ਹੋਏ ਸਨ, ਤਦ ਤਕ ਉਨ੍ਹਾਂ ਅੰਦਰ ਇਕ ਵੱਖਰੀ ਜੇਹੀ ਤੜਪ ਸੀ। ਇਕ ਐਸੀ ਤੜਪ ਜਿਸ ਵਿਚ ਵੈਰਾਗ ਤਾਂ ਬਹੁਤ ਸੀ ਪਰ ਚਾਉ ਅਤੇ ਅਨੰਦ ਵੀ ਘਣਾ ਸੀ। ਅਤੇ ਇਹ ਅਨੰਦਮਈ ਤਾਂਘ ਕਿਸੇ ਸੰਸਾਰਿਕ ਪਦਾਰਥ ਦੀ ਤੜਪ ਤੋਂ ਕਿਤੇ ਵੱਧ ਸੀ। ਇਹ ਨਾਮ ਦਾ ਨਸ਼ਾ ਸੀ, ਜੋ ਰਾਣਾ ਅਤੇ ਰਾਣੀ ਦੇ ਰੋਮ - ਰੋਮ ਵਿਚ ਪ੍ਰੀਤਮ ਕਲਗੀਧਰ ਜੀ ਦੇ ਪ੍ਰਤੱਖ ਦਰਸ਼ਨ ਦੀ ਤਲਬ ਵਧਾਈ ਜਾ ਰਿਹਾ ਸੀ, ਵਧਾਈ ਜਾ ਰਿਹਾ ਸੀ, ਵਧਾਈ ਜਾ ਰਿਹਾ ਸੀ.....
ਸਤਿਗੁਰੂ ਬਖਸ਼ਿਸ਼ ਕਰਨ ਕਦੇ ਅਸੀਂ ਵੀ ਇਹ ਤੜਪ ਰੱਖਣ ਵਾਲੇ ਉਨ੍ਹਾਂ ਚੁਣਿੰਦਾ ਭਗਤਜਨਾਂ ਵਿਚੋਂ ਇਕ ਹੋ ਜਾਈਏ। ਕਿਉਂਕਿ ਜਿਸ ਵਸਤੂ ਦੀ ਤੜਪ ਵਿਚ ਹੀ ਇੰਨਾ ਅਨੰਦ ਹੋਵੇ, ਉਹ ਵਸਤੂ ਪ੍ਰਾਪਤ ਕਰਨ ਤੋਂ ਬਾਅਦ ਦਾ ਹਾਲ ਤਾਂ ਅਸੀਂ ਦੱਸਣ ਜੋਗੇ ਵੀ ਨਹੀਂ ਰਹਿ ਸਕਾਂਗੇ।
ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥
੮. ਦੂਜਿਆਂ ਦੇ ਵਿਚਾਰਾਂ ਨੂੰ ਸਵੀਕਾਰ ਕਰਨਾ ਹੈ : ਉਸ ਜ਼ਮਾਨੇ ਦੇ ਵਿਚ ਆਦਮੀਆਂ ਵਲੋਂ ਔਰਤਾਂ ਦੇ ਸਵੈਮਾਣ, ਵਿਚਾਰਾਂ ਅਤੇ ਆਜ਼ਾਦੀ ਤੇ ਬੜੀ ਕਠੋਰਤਾ ਵਰਤੀ ਜਾਂਦੀ ਸੀ। ਪਰ ਮਹਾਨ ਹੈ ਰਾਣਾ ਦੀ ਸੋਚ ਜਿਸ ਨੇ ਆਪਣੀ ਪਤਨੀ ਦੇ ਵਿਚਾਰਾਂ ਦਾ ਸਤਿਕਾਰ ਕੀਤਾ ਅਤੇ ਦਬਾਅ ਪਾ ਕੇ ਉਸ ਦੇ ਵਿਚਾਰ ਨਹੀਂ ਬਦਲੇ। ਇਥੋਂ ਤਕ ਕਿ ਮੰਤਰੀ, ਰਾਣਾ ਦਾ ਤਨਖਾਹੀ ਕਰਮਚਾਰੀ, ਦੀ ਸੋਚ ਵੀ ਰਾਣੀ ਨਾਲ ਰੱਲਦੀ ਸੀ ਪਰ ਰਾਣਾ ਨੇ ਉਸ ਦੀ ਸੋਚ ਨੂੰ ਵੀ ਬਦਲਣ ਦਾ ਜਤਨ ਨਹੀਂ ਕੀਤਾ। ਇੱਥੋਂ ਪਤਾ ਲਗਦਾ ਹੈ ਕਿ ਰਾਣਾ, ਆਪਣੇ ਹਾਣੀ ਜੀਵਾਂ ਦੀ ਆਜ਼ਾਦ ਹਸਤੀ ਦਾ ਸਨਮਾਨ ਕਰਦਾ ਸੀ ਅਤੇ ਉਨ੍ਹਾਂ ਨਾਲ ਕੋਈ ਧੱਕਾ ਨਹੀਂ ਕਰਦਾ ਸੀ।
੯. ਗੁਰੂ ਦੀ ਪੂਰਨਤਾ ਤੇ ਭਰੋਸਾ : ਪੂਰੀ ਪੁਸਤਕ ਵਿਚ ਰਾਣਾ ਅਤੇ ਰਾਣੀ ਵਲੋਂ ਗੁਰੂ ਸਾਹਿਬ ਪ੍ਰਤੀ ਦਿਖਾਈ ਗਈ ਅਥਾਹ ਸ਼ਰਧਾ ਵਿਆਪਕ ਹੈ। ਉਹਨਾਂ ਗੁਰੂ ਸਾਹਿਬ ਨੂੰ ਕੋਈ ਆਮ ਵਿਅਕਤੀ ਨਹੀਂ ਜਾਣਿਆ ਸਗੋਂ ਨਿਰੰਕਾਰ ਅਕਾਲ ਦੀ ਜੋਤ ਸਮਝ ਕੇ ਅਰਾਧਿਆ। ਰਾਣਾ ਨੂੰ ਗੁਰੂ ਸਾਹਿਬ ਦੀ ਪੂਰਨਤਾ ਤੇ ਇਨ੍ਹਾਂ ਭਰੋਸਾ ਸੀ ਕਿ ਉਹ ਕਹਿੰਦਾ ਸੀ ਕਿ ਮੈਨੁੰ ਗੁਰੂ ਸਾਹਿਬ ਨੂੰ ਬੁਲਾਉਣ ਦੀ ਲੋੜ ਨਹੀਂ ਹੈ, ਉਹ ਦਿਲਾਂ ਦੀਆਂ ਜਾਨਣ ਵਾਲੇ ਹਨ, ਜ਼ਰੂਰ ਆਉਣਗੇ। ਭਲਾ ਪੌਦਾ ਵੀ ਕਦੇ ਮਾਲੀ ਕੋਲ ਆਪ ਤੁਰ ਕੇ ਗਿਆ ਹੈ ?
ਆਪਣੇ ਪਤੀ ਦੀ ਲੁੱਕ - ਭਗਤੀ ਦੇ ਕਾਰਨ ਰਾਣੀ ਨੂੰ ਗੁਰੂ ਸਾਹਿਬ ਦੇ ਕੋਲ ਜਾ ਕੇ ਦਰਸ਼ਨ ਕਰਨਾ ਨਾ - ਮੁਮਕਿਨ ਜਾਪਿਆ ਤਾਂ ਉਸ ਨੇ ਅਰਦਾਸ ਕੀਤੀ ਕਿ ਤੁਸੀਂ ਆਪ ਆਉ ਸਤਿਗੁਰੂ।
ਇਕ ਹੋਰ ਦ੍ਰਿਸ਼ ਜਿਸ ਵਿਚ ਗੁਰੂ ਸਾਹਿਬ ਦੀ ਪੂਰਨਤਾ ਤੇ ਅਡੋਲ ਐਤਬਾਰ ਪ੍ਰਗਟ ਹੁੰਦਾ ਹੈ, ਉਹ ਇਹ ਹੈ ਕਿ ਜਦੋਂ ਜੰਗਲ ਵਿਚ ਗੁਰੂ ਸਾਹਿਬ ਰਾਣਾ ਤੋਂ ਕੁਝ - ਕੁ - ਦੂਰ ਹੀ ਹੁੰਦੇ ਹਨ, ਤਾਂ ਵੀ ਰਾਣਾ ਆਪਣੇ ਵਿਸ਼ਵਾਸ ਤੋਂ ਡੋਲਿਆ ਨਹੀਂ, ਅਤੇ ਤਾਂ ਵੀ ਇਹ ਪੂਰਨ ਭਰੋਸਾ ਰੱਖਿਆ ਕਿ ਗੁਰੂ ਸਾਹਿਬ ਉਸ ਨੂੰ ਆਪ ਦਰਸ਼ਨ ਦੇਣ ਆਉਣਗੇ।












No comments:
Post a Comment