“ਹਾਇ, ਮੇਰੀ ਨਿੱਕੀ ਨਿੱਕੀ, ਨਿੱਕੀ ਨਿੱਕੀ ਪਿਆਰ ਕਣੀ ਨਿਰਮਲ ਰਹੇ”
ਮੈਨੂੰ ਇੰਜ ਲੱਗਦਾ ਹੈ ਕਿ ਰਾਣਾ ਭਬੌਰ ਕੇਵਲ ਇਕ ਕਿਤਾਬ ਨਹੀਂ ਹੈ — ਇਹ ਤਾਂ ਇਕ ਤਜਰਬਾ ਹੈ ਜੋ ਕਿਤੋਂ ਹੋਰੋਂ ਨਹੀਂ ਮਿਲ ਸਕਦਾ। ਸ਼ਬਦ ਦਰ ਸ਼ਬਦ ਅੱਗੇ ਵਧਦਿਆਂ ਜੋ ਅਹਿਸਾਸ ਹੁੰਦੇ ਹਨ, ਥੋੜ੍ਹੇ-ਥੋੜ੍ਹੇ ਚਿਰ ਬਾਅਦ ਚਿਹਰੇ ਮੁਸਕਾਨ ਆਉਂਦੀ ਹੈ, ਜੋ ਕਈ ਵਾਰ ਮਨ ਪਿਘਲਣ ਦੇ, ਬਲਿਹਾਰੇ ਜਾਣ ਨੂੰ ਮਨ ਕਰਦਾ ਹੈ, ਸ਼ਾਇਦ ਹੀ ਕਿਸੇ ਹੋਰ ਰਚਨਾ ਵਿੱਚ ਐਸੀ ਰਵਾਨਗੀ ਹੋਵੇ।
ਉਂਞ ਵੇਖੋ ਤਾਂ ਲੱਗਦਾ ਹੈ ਕਿ ਇਕ ਆਮ ਜਿਹੀ ਕਹਾਣੀ ਹੈ: ਇੱਕ ਰਾਜਾ, ਨਵ-ਵਿਆਹਿਆ, ਜਿਸਦੀ ਪਤਨੀ ਸਿੱਖ ਪਰ ਆਪ ਕੁਝ ਰਹੱਸਮਈ ਜਿਹਾ, ਖ਼ਬਰ ਮਿਲਣੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਬੌਰ ਆ ਰਹੇ ਹਨ, ਤੇ ਫਿਰ ਮਿਲਾਪ।
ਪਰ ਜਿਸ ਖੂਬਸੂਰਤੀ ਨਾਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਕ ਇਕ ਅੱਖਰ ਨੂੰ ਜੜਿਆ ਹੈ ਉਹ ਬਿਆਨੋਂ ਬਾਹਰ ਹੈ। ਇੰਨੀ ਉੱਚੀ ਅਵਸਥਾ ਦੀ ਵਾਰਤਾਲਾਪ, ਇਨੇ ਸੁਹਣੇ ਕਿਰਦਾਰ, ਤੇ ਫਿਰ ਕਹਾਣੀ ਦੇ ਸੀਨੇ ਵਿੱਚ ਵੱਡਾ ਕੀਮਤੀ ਇੱਕ ਵਿਚਾਰ: ਕਿ ਪ੍ਰੇਮ ਇੱਕ ਤਰ੍ਹਾਂ ਦਾ ਨਹੀਂ।ਪ੍ਰੇਮ ਕੀਮਤੀ ਹੈ। ਪ੍ਰੇਮ ਇਕੱਲਿਆਂ ਵਿੱਚ ਲੁਕ ਕੇ ਕੀਤਾ ਜਾਏ ਤਾਂ ਵੀ ਪ੍ਰੇਮ ਪ੍ਰੇਮ ਹੀ ਰਹਿੰਦਾ ਹੈ।ਪ੍ਰੇਮੀ ਕਿਤੇ ਵੀ ਮਿਲ ਸਕਦਾ ਹੈ। ਹਰ ਕੋਈ ਆਪਣੇ ਪ੍ਰੇਮ ਦਾ ਰਾਹ ਵਿਲੱਖਣ ਬਣਾਉਂਦਾ ਹੈ - ਕੋਈ ਪ੍ਰੇਮ ਦਾ ਪ੍ਰਦਰਸ਼ਨ ਕਰਨ ਵਿੱਚ ਵੀ ਝਿਜਕਦਾ ਨਹੀਂ, ਤੇ ਕੋਈ ਕਹਿੰਦਾ ਹੈ ਕਿ "ਹਾਇ! ਮੇਰੀ ਨਿੱਕੀ ਨਿੱਕੀ, ਨਿੱਕੀ ਨਿੱਕੀ ਪਿਆਰ ਕਣੀ ਨਿਰਮਲ ਰਹੇ।"
“ਕੋਈ ਬੁਲਬੁਲ ਹੈ ਕੋਈ ਪਰਵਾਨਾ। ਪਰਵਾਨਾ ਬੁਲਬੁਲ ਵਾਂਙੂ ਕਿੰਞ ਉੱਡੇ?”
ਜਦ ਅਖੀਰਲੇ ਅੱਖਰ ਦਾ ਘੁੱਟ ਭਰ ਕੇ, ਰੱਜ ਕੇ, ਤੁਸੀਂ ਕਿਤਾਬ ਰਖਦੇ ਹੋ ਤਾਂ ਇਕ ਜ਼ਿੰਦਾਪਨ ਦਾ ਅਹਿਸਾਸ ਹੁੰਦਾ ਹੈ, ਸੰਸਾਰ ਖ਼ੂਬਸੂਰਤ ਦਿਸਣ ਲੱਗਦਾ ਹੈ — ਪ੍ਰੇਮ ਕਰਨ ਨੂੰ ਮਨ ਕਰਦਾ ਹੈ। ਆਹਾ! ਕਿਤਾਬ ਉਹੀ ਸੁਹਿਰਦ ਜਿਸਨੂੰ ਪੜ੍ਹ ਕੇ ਪ੍ਰਮ ਕਰਨ ਨੂੰ ਮਨ ਕਰੇ!
ਸੋਚਣਾ ਔਖਾ ਹੈ ਕਿ ਕਿਵੇਂ ਭਾਈ ਵੀਰ ਸਿੰਘ ਜੀ ਇਸ ਅਵਸਥਾ ਤੇ ਲਿਖ ਲੈਂਦੇ ਹਨ, ਕਿਵੇਂ ਪ੍ਰੇਮ ਦੀਆਂ ਪਹਾੜੀਆਂ ਤੇ ਪੁੱਜ ਕੇ ਫਿਰ ਸਾਨੂੰ ਥੋੜ੍ਹਾ ਜਿਹਾ ਨਜ਼ਾਰਾ ਵਿਖਾਉਂਦੇੇ ਹਨ। ਪ੍ਰੇਮ ਦੇ ਰਾਹ ਤੁਰਨ ਨੂੰ, ਪ੍ਰੇਮ-ਪਹਾੜੀ ਚੜ੍ਹਨ ਨੂੰ ਦਿਲ ਕਰਦਾ ਹੈ।
ਅਸੀਂ ਸਾਰੇ ਭਾਗਾਂ ਵਾਲਾ ਹਾਂ ਇਹ ਕਿਤਾਬ ਪੜ੍ਹ ਸਕੇ। ਇਸਦੇ ਵਿਚਾਰ, ਸਿੱਖਿਆਵਾਂ ਸਾਡੇ ਆਪਣੇ ਪ੍ਰੇਮ ਮਾਰਗ ਨੂੰ ਰੋਸ਼ਨ ਕਰਨਗੇ ਅਤੇ ਪਰਮਾਤਮਾ ਦੀ ਤਸਵੀਰ ਨੂੰ ਥੋੜ੍ਹਾ ਹੋਰ ਸਾਫ ਕਰਕੇ ਤਾਂਘ ਵਿੱਚ ਵਾਧਾ ਕਰਨਗੇ।
ਤੇ ਰਾਣਾ ਭਬੌਰ ਲਈ ਸਾਡੇ ਦਿਲਾਂ ਵਿਚ ਹਮੇਸ਼ਾ ਹੀ ਇਕ ਖਾਸ ਥਾਂ ਰਹੇਗੀ।
- ਇੰਦਰਪਾਲ ਸਿੰਘ











No comments:
Post a Comment